ਸਤਿੰਦਰ ਸਿੰਘ ਓਠੀ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਨਵਾਂ ਵਿਖੇ ਮਾਤਾ ਸ੍ਰੀਮਤੀ ਸੁਖਬੀਰ ਕੌਰ ਓਠੀ ਤੇ ਪਿਤਾ ਸਰਦਾਰ ਬਲਕਾਰ ਸਿੰਘ ਓਠੀ ਦੇ ਗ੍ਰਹਿ ਵਿਖੇ 2 ਜੂਨ ,1976 ਵਿੱਚ ਹੋਇਆ। ਇਹਨਾਂ ਨੇ ਬੀ.ਏ.ਦੀ ਪੜ੍ਹਾਈ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫ਼ਗਾਨਾ ,ਜ਼ਿਲ੍ਹਾ ਗੁਰਦਾਸਪੁਰ ਤੋਂ ਅਤੇ ਬੀ.ਐੱਡ. ਦੀ ਪੜ੍ਹਾਈ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ । ਐੱਮ .ਏ. ਪੰਜਾਬੀ ਕਰਨ ਦੇ ਨਾਲ ਹੀ ਲੈਕਚਰਾਰਸ਼ਿਪ ਦਾ ਨੈਸ਼ਨਲ ਲੈਵਲ ਦਾ ਟੈਸਟ (ਯੂ. ਜੀ .ਸੀ. )ਵੀ ਪਾਸ ਕੀਤਾ । ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦਾ ਕੋਰਸ ਵੀ ਕੀਤਾ। ਸਕੂਲੀ ਪੜ੍ਹਾਈ ਦੌਰਾਨ ਹੀ ਸਾਹਿਤ ਪੜ੍ਹਨ ਦੀ ਚੇਟਕ ਲੱਗੀ ਤੇ ਸਕੂਲ ਲਾਇਬਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ । ਆਪ ਦੇ ਚਾਚਾ ਜੀ ਗਿਆਨੀ ਗੁਰਵਿੰਦਰ ਸਿੰਘ ਕੋਮਲ (ਅਮਰੀਕਾ) ਇੱਕ ਵਧੀਆ ਲੇਖਕ ਹਨ ਜਿਸ ਕਾਰਨ ਘਰ ਦੇ ਮਾਹੌਲ ਵਿਚੋਂ ਹੀ ਇਨ੍ਹਾਂ ਨੂੰ ਵੀ ਲਿਖਣ ਦੀ ਗੁੜ੍ਹਤੀ ਘਰ 'ਚੋਂ ਹੀ ਮਿਲੀ ।...