اُ توں شروع ہون والے پنجابی لفظاں دے معنےਅ

ਦੇਖੋ, ਅਭਾਖ.


ਵਿ- ਜਿਸ ਨੂੰ ਭਾਗ (ਹਿੱਸਾ) ਪ੍ਰਾਪਤ ਨਹੀਂ ਹੋਇਆ. ਜਿਸ ਨੂੰ ਵਰਤਾਰਾ (ਛਾਂਦਾ) ਨਹੀਂ ਮਿਲਿਆ। ੨. ਸੰ. ਅਭਾਗ੍ਯ. ਸੰਗ੍ਯਾ- ਬਦਕਿਸਮਤੀ. ਭਾਗ੍ਯਹੀਨਤਾ। ੩. ਵਿ- ਅਭਾਗਾ. ਬਦਨਸੀਬ. "ਰਾਮ ਕੀਨ ਜਪਸਿ ਅਭਾਗ." (ਭੈਰ ਰਵਦਾਸ)


ਸੰ. अभागिन. ਵਿ- ਬਦਨਸੀਬ. ਖੋਟੇ ਭਾਗਾਂ ਵਾਲਾ. ਮੰਦਭਾਗੀ. "ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ, ਸੋਈ ਗਨਹੁ ਅਭਾਗਾ." (ਧਨਾ ਮਃ ੫) "ਨਾਮ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ." (ਆਸਾ ਛੰਤ ਮਃ ੪)


ਸੰ. ਅਭਾਗ੍ਯ. ਸੰਗ੍ਯਾ- ਬਦਕਿਸਮਤੀ. "ਰਾਮ ਨ ਜਪਹੁ ਅਭਾਗੁ ਤੁਮਾਰਾ." (ਗਉ ਅਃ ਮਃ ੧)


ਸੰਗ੍ਯਾ- ਅਪ੍ਰਤੀਤਿ. ਭਾਨ ਹੋਣ ਦਾ ਅਭਾਵ.


ਦੇਖੋ, ਅਭਾਨ ਅਤੇ ਆਭਾਨੀ.


ਸੰ. ਸੰਗ੍ਯਾ- ਨਾ ਹੋਣਾ. ਨੇਸ੍ਤੀ. ਵਿਦ੍ਵਾਨਾ ਨੇ ਅਭਾਵ ਦੇ ਪੰਜ ਭੇਦ ਮੰਨੇ ਹਨ-#ਉ. ਪ੍ਰਾਗਭਾਵ. ਪ੍ਰਾਕ- ਅਭਾਵ. ਕਿਸੇ ਵਸਤੁ ਦਾ ਪਹਿਲੇ ਕਾਲ ਵਿੱਚ ਨਾ ਹੋਣਾ. ਜੈਸੇ- ਲੋਹੇ ਵਿੱਚ ਤਲਵਾਰ ਬਣਨ ਤੋਂ ਪਹਿਲਾਂ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ.#ਅ. ਪ੍ਰਧਵੰਸਾ ਭਾਵ. ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜੈਸੇ- ਆਤਿਸ਼ਬਾਜ਼ੀ ਜਲਕੇ ਭਸਮ ਹੋ ਗਈ.#ੲ. ਅਨ੍ਯੋਨ੍ਯਾਭਾਵ. ਪਰਸਪਰ ਅਭਾਵ. ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ. ਜੈਸੇ ਗਧਾ ਗਊ ਨਹੀਂ ਅਤੇ ਗਊ ਗਧਾ ਰੂਪ ਨਹੀਂ. ਅਰਥਾਤ ਗਧੇ ਵਿੱਚ ਗਾਂ ਦਾ ਅਤੇ ਗਾਂ ਵਿੱਚ ਗਧੇ ਦਾ ਅਭਾਵ ਹੈ.#ਸ. ਅਤ੍ਯੰਤਾਭਾਵ. ਸਭ ਸਮਿਆਂ ਵਿੱਚ ਕਿਸੇ ਵਸਤੁ ਦਾ ਨਾ ਹੋਣਾ. ਜੈਸੇ- ਸਹੇ ਦਾ ਸਿੰਗ, ਆਕਾਸ਼ ਦਾ ਫੁੱਲ ਆਦਿ.#ਹ. ਸਾਮਯਿਕਾ ਭਾਵ. ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪੁਰ ਭੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ. ਜੈਸੇ- ਘੜਾ ਹੋਣ ਪੁਰ ਭੀ ਕਿਸੇ ਥਾਂ ਤੋਂ ਘੜਾ ਲੈਜਾਣ ਤੋਂ ਘੜੇ ਦਾ ਅਭਾਵ ਹੈ। ੨. ਬੁਰਾ ਖ਼ਿਆਲ. ਮੰਦ ਸੰਕਲਪ। ੩. ਅਸ਼੍ਰੱਧਾ.


ਵਿ- ਨਾ ਹੋਵੇ ਜਿਸ ਦੀ ਭਾਂਤ (ਪ੍ਰਕਾਰ) ਦਾ. ਅਦੁਤੀ. ਬੇਨਜੀਰ. "ਸੋਭਾ ਅਭਾਂਤ." (ਬੇਨਰਾਜ)


ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਸਨਮੁਖ, ਬੁਰਾ, ਮੰਦ, ਉੱਪਰ, ਪਾਸ, ਦੂਰ, ਚੁਫੇਰੇ, ਚੰਗੀ ਤਰ੍ਹਾਂ, ਬਿਨਾ, ਇੱਛਾ, ਰੁਚਿ, ਆਦਿ ਅਰਥ ਪ੍ਰਗਟ ਕਰਦਾ ਹੈ। ੨. ਗੁਰਬਾਣੀ ਵਿੱਚ "ਅਭ੍ਯੰਤਰ" ਦਾ ਸੰਖੇਪ ਭੀ ਅਭਿ ਸ਼ਬਦ ਆਇਆ ਹੈ ਜਿਸ ਦਾ ਅਰਥ ਹੈ ਅੰਦਰ, ਅੰਤਹਕਰਣ. "ਪ੍ਰੀਤਮ ਪ੍ਰੀਤਿ ਬਨੀ ਅਭਿ ਐਸੀ." (ਮਲਾ ਅਃ ਮਃ ੧)#"ਸਬਦਿ ਅਭਿ ਸਾਧਾਰਏ." (ਆਸਾ ਛੰਤ ਮਃ ੧)#"ਬਿਨ ਅਭਿ ਸਬਦ ਨ ਮਾਂਜੀਐ." (ਸ੍ਰੀ ਅਃ ਮਃ ੧)#ਸਬਦ ਬਿਨਾ ਅਭਿ (ਅੰਤਹਕਰਣ) ਸ਼ੁੱਧ ਨਹੀਂ ਹੁੰਦਾ.