ਵੇਧਨ ਹੋਈ। ੨. ਵੇਧਨ ਕਰਾਈ.
ਵਿਧ੍ਵੰਸ (ਨਾਸ਼) ਕੀਤਾ. "ਹਰਨਾਖਸ ਲੇ ਨਖਹੁ ਬਿਧਾਸਾ." (ਗਉ ਅਃ ਮਃ ੧)
ਸੰ. विधातृ- ਵਿਧਾਤ੍ਰਿ. ਰਚਣ ਵਾਲਾ. ਕਰਤਾਰ. ਵਿਧਾਤਾ. "ਪੂਰਨ ਪੁਰਖ ਬਿਧਾਤਉ." (ਸਵੈਯੇ ਮਃ ੫. ਕੇ) ੨. ਬ੍ਰਹਮਾ। ੩. ਸੰ. ਵਿਧਾਤੁਃ ਵਿਧਾਤਾ ਤੋਂ. ਵਿਧਾਤਾ ਨੂੰ.
ਦੇਖੋ, ਬਿਧਾਤਉ ੧. "ਸੋਈ ਬਿਧਾਤਾ ਖਿਨੁ ਖਿਨੁ ਜਪੀਐ." (ਮਾਰੂ ਮਃ ੫) ੨. ਕਾਮਦੇਵ। ੩. ਦੇਖੋ, ਵਿਧਾਤਾ.
ਦੇਖੋ, ਬਿਧਾਤਉ. "ਹਰਿ ਪੁਰਖ ਬਿਧਾਤੀ." (ਮਃ ੧. ਵਾਰ ਮਾਝ) ਵਿਧਾਤ੍ਰਿ ਪੁਰੁਸ. ਵਿਧਾਤਾ. ਪੁਰਖ
ਸੰ. ਵਿਧਾਨ. ਪ੍ਰਕਾਰ। ੨. ਯਤਨ. ਉਪਾਯ. "ਹੋਨ ਲਾਗੇ ਯੁੱਧ ਕੇ ਜਹਾਂ ਤਹਾਂ ਸਬੈ ਬਿਧਾਨ." (ਕਲਕੀ) ੩. ਕਾਯਦਾ. ਨਿਯਮ। ੪. ਵਿਧਿ. ਰੀਤਿ.
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨.
ਦੇਖੋ, ਸਿਆਹੀ ਕੀ ਬਿਧਿ.
ਵਿਧਿ- ਨਿਸੇਧ ਕਰਨ ਯੋਗ੍ਯ ਕਰਮ ਵਿੱਚ ਲਾਉਣ ਦੀ ਅਤੇ ਨਾ ਕਰਨ ਯੋਗ੍ਯ ਦੇ ਤ੍ਯਾਗ ਦੀ ਆਗ੍ਯਾ। ੨. ਹਿੰਦੂਮਤ ਦੇ ਪਰਮਗ੍ਰੰਥਾਂ ਵਿੱਚ ਕਹੇ ਵਿਧਿ ਅਤੇ ਨਿਸੇਧ ਕਰਮ. ਜੈਸੇ- ਅਗਨਿਹੋਤ੍ਰ ਵ੍ਰਤ ਆਦਿ ਵਿਧਿ, ਅਤੇ ਵਸਤ੍ਰਾਂ ਸਮੇਤ ਭੋਜਨ ਕਰਨਾ, ਪਜਾਮਾ ਕੁੜਤਾ ਪਹਿਰਨਾ, ਸਮੁੰਦਰੋਂ ਪਾਰ ਜਾਣਾ ਆਦਿ ਨਿਸੇਧ ਕਰਮ ਹਨ. "ਤਜਿ ਭਰਮ ਕਰਮ ਬਿਧਿ ਨਿਖੇਧ, ਰਾਮ ਨਾਮੁ ਲੇਹੀ." (ਧਨਾ ਕਬੀਰ)
ਦੇਖੋ, ਬਿਧਿ। ੨. ਸੰ. ਵ੍ਯਧ੍ਵ. ਕੁਮਾਰਗ. ਵਿ- (ਨਿੰਦਿਤ) ਅਧ੍ਵ (ਮਾਰਗ). "ਹੁਇ ਦਾਸ ਦਾਸੀ ਤਜਿ ਉਦਾਸੀ, ਬਹੁੜਿ ਬਿਧੀ ਨ ਧਾਵਾ." (ਬਿਲਾ ਛੰਤ ਮਃ ੫) ਫੇਰ ਕੁਮਾਰਗ ਨਾਂ ਪਵਾਂ। ੩. ਬਿ (ਬਿਨਾ) ਧੀ (ਬੁੱਧਿ) ਬੇਅਕਲ.
ਵਿ- ਵਿਧਿ ਜਾਣਨ ਵਾਲਾ। ੨. ਵੇਧਨ (ਵਿੰਨ੍ਹਣ) ਵਾਲਾ। ੩. ਸੰਗ੍ਯਾ- ਭਾਈ ਬਿਧੀਚੰਦ ਦਾ ਗੁਰੁਸਿੱਖ ਹੋਣ ਤੋਂ ਪਹਿਲਾਂ ਨਾਮ, ਦੇਖੋ, ਬਿਧੀਚੰਦ ਭਾਈ.
ਜਿਲ੍ਹਾ ਲਹੌਰ ਦੇ ਸੁਰਸਿੰਘ ਪਿੰਡ¹ ਦਾ ਵਸਨੀਕ ਛੀਨੇ ਗੋਤ ਦਾ ਜੱਟ, ਜੋ ਭਿੱਖੀ ਦਾ ਪੋਤਾ ਅਤੇ ਵੱਸਣ ਦਾ ਪੁਤ੍ਰ ਸੀ. ਇਹ ਵਡਾ ਦਿਲੇਰ ਬਲੀ, ਕੱਦਾਵਰ ਅਤੇ ਸੁੰਦਰ ਜੁਆਨ ਸੀ. ਇਸ ਦੇ ਨਾਨਕੇ ਸਰਹਾਲੀ (ਜਿਲਾ ਅਮ੍ਰਿਤਸਰ) ਵਿੱਚ ਸਨ. ਇਸ ਨੂੰ ਚੋਰ ਧਾੜਵੀਆਂ ਦੀ ਸਗੰਤਿ ਤੋਂ ਚੋਰੀ ਅਤੇ ਡਾਕੇ ਦੀ ਬਾਣ ਪੈ ਗਈ, ਪਰ ਸਤਿਗੁਰੂ ਦੇ ਗੁਰਮੁਖ ਸਿੱਖ ਭਾਈ ਅਦਲੀ ਜੀ ਦੀ ਸੰਗਤਿ ਹੋਣ ਤੋਂ ਬਿਧੀਚੰਦ ਦਾ ਜੀਵਨ ਪਲਟਾ ਖਾ ਗਿਆ. ਪਿਛਲੇ ਕੁਕਰਮਾਂ ਤੇ ਪਛਤਾਵਾ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਿਆ ਅਤੇ ਕਰਣੀ ਵਾਲੇ ਸਿੱਖਾਂ ਵਿੱਚ ਇਸ ਦੀ ਗਿਣਤੀ ਹੋਈ.#ਕਾਬੁਲੀ ਸਿੱਖਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਜੀ ਅਰਥ ਲਿਆਂਦੇ ਘੋੜੇ, ਜੋ ਲਹੌਰ ਦੇ ਹਾਕਿਮ ਨੇ ਜਬਰਨ ਖੋਹ ਲਏ ਸਨ, ਉਨ੍ਹਾਂ ਨੂੰ ਭਾਈ ਬਿਧੀਚੰਦ ਵਡੀ ਚਤੁਰਾਈ ਨਾਲ ਲਾਹੌਰ ਦੇ ਕਿਲੇ ਤੋਂ ਲਿਆਇਆ ਸੀ, ਛੀਵੇਂ ਸਤਿਗੁਰੂ ਜੀ ਦੇ ਜੋ ਸ਼ਾਹੀਸੈਨਾ ਨਾਲ ਜੰਗ ਹੋਏ ਉਨ੍ਹਾਂ ਵਿੱਚ ਭਾਈ ਬਿਧੀਚੰਦ ਨੇ ਵਡੀ ਵੀਰਤਾ ਦਿਖਾਈ. ਧਰਮਪ੍ਰਚਾਰ ਕਰਨ ਵਿੱਚ ਭੀ ਇਹ ਕਿਸੇ ਸਿਖ ਤੋਂ ਘੱਟ ਨਹੀਂ ਸੀ.#ਕੀਰਤਪੁਰ ਨਿਵਾਸੀ ਸਾਈਂ ਬੁੱਢਣਸ਼ਾਹ ਅਤੇ ਉਸ ਦੇ ਚੇਲੇ ਸੁੰਦਰਸ਼ਾਹ ਨਾਲ, ਜੋ ਦੇਉਨਗਰ² ਦਾ ਵਸਨੀਕ ਸੀ, ਭਾਈ ਬਿਧੀਚੰਦ ਦਾ ਗਾੜ੍ਹਾ ਪ੍ਰੇਮ ਸੀ. ਸੁੰਦਰਸ਼ਾਹ ਨਾਲ ਭਾਈ ਸਾਹਿਬ ਦਾ ਬਚਨ ਸੀ ਕਿ ਅਸੀਂ ਦੋਵੇਂ ਇੱਕ ਸਮੇਂ ਅਤੇ ਇੱਕੇ ਥਾਂ ਸ਼ਰੀਰ ਛੱਡਾਂਗੇ, ਇਸ ਅਨੁਸਾਰ ਭਾਈ ਬਿਧੀਚੰਦ ਅਤੇ ਸਾਂਈਂ ਸੁੰਦਰਸ਼ਾਹ ਦਾ ਭਾਦੋਂ ਸੁਦੀ ੩. ਸੰਮਤ ੧੬੯੫ ਨੂੰ ਦੇਉਨਗਰ ਦੇਹਾਂਤ ਹੋਇਆ.³ ਦੋਹਾਂ ਦੀ ਸਮਾਧ ਅਤੇ ਕਬਰ ਹੁਣ ਇੱਕੇ ਥਾਂ ਦੇਖੀ ਜਾਂਦੀ ਹੈ. ਭਾਈ ਬਿਧੀਚੰਦ ਦੇ ਭਾਈ (ਉਧੀਚੰਦ) ਦੇ ਪੁਤ੍ਰ ਲਾਲਚੰਦ ਨੇ ਦੇਉਨਗਰ ਤੋਂ ਰਾਖ ਲਿਆਕੇ ਇੱਕ ਸਮਾਧ ਸੁਰਸਿੰਘ ਵਿੱਚ ਭੀ ਬਣਾ ਦਿੱਤੀ ਹੈ। ੨. ਦੇਖੋ, ਨਿਰੰਜਨੀਏ। ੩. ਭਾਈ ਮੂਲਚੰਦ ਦਾ ਤਾਇਆ, ਸਿਧੀਚੰਦ ਦਾ ਵਡਾ ਭਾਈ.