اُ توں شروع ہون والے پنجابی لفظاں دے معنےਅ

ਸੰ. अङ्गण ਅਤੇ अङ्गन. ਸੰਗ੍ਯਾ- ਵੇਹੜਾ. ਸਹ਼ਨ. ਅਜਿਰ। ੨. ਵਿਚਰਨਾ. ਫਿਰਨਾ.


ਸੰ. ਸੰਗ੍ਯਾ- ਸ਼ਰੀਰ ਦੀ ਰਖ੍ਯਾ ਕਰਨ ਵਾਲਾ, ਵਸਤ੍ਰ। ੨. ਕਵਚ. ਜਿਰਹਿ.


ਸੰ. अङ्गद. ਸੰਗ੍ਯਾ- ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. "ਇਤ ਕਪਿਪਤਿ ਅਰ ਰਾਮ ਦੂਤ ਅੰਗਦਹਿਂ ਪਠਾਯੋ." (ਰਾਮਾਵ) ੩. ਲਛਮਨ (ਲਕ੍ਸ਼੍‍ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪. ਦੇਖੋ, ਅੰਗਦ ਸਤਿਗੁਰੂ.


ਸੱਖਕੌਮ ਦੇ ਦੂਜੇ ਪਾਤਸ਼ਾਹ, ਜਿਨ੍ਹਾਂ ਦਾ ਜਨਮ ਐਤਵਾਰ ਵੈਸਾਖ ਵਦੀ ੧. (੫ ਵੈਸਾਖ) ਸੰਮਤ ੧੫੬੧ (੩੧ ਮਾਰਚ ਸਨ ੧੫੦੪) ਨੂੰ ਫੇਰੂ ਮੱਲ ਖਤ੍ਰੀ ਦੇ ਘਰ ਮਾਤਾ ਦ੍ਯਾ (ਦਇਆ) ਕੌਰਿ ਦੇ ਉਦਰ ਤੋਂ ਮਤੇ ਦੀ ਸਰਾਇ (ਜਿਲਾ ਫ਼ਿਰੋਜ਼ਪੁਰ) ਵਿੱਚ ਹੋਇਆ. ਇਨ੍ਹਾਂ ਦਾ ਪਹਿਲਾ ਨਾਉਂ ਲਹਿਣਾ ਸੀ. ਸੰਮਤ ੧੫੭੬ ਵਿੱਚ ਦੇਵੀ ਚੰਦ ਖਤ੍ਰੀ ਦੀ ਸੁਪੁਤ੍ਰੀ ਖੀਵੀ ਜੀ ਨਾਲ ਸੰਘਰ ਪਿੰਡ, ਜਿਸ ਦਾ ਹੁਣ ਖਡੂਰ ਪਾਸ ਥੇਹ ਹੈ, ਵਿਆਹ ਹੋਇਆ, ਜਿਸ ਤੋਂ ਦੋ ਪੁਤ੍ਰ ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਪੁਤ੍ਰੀਆਂ ਬੀਬੀ ਅਮਰੋ ਅਤੇ ਅਣੋਖੀ ਜੀ ਜਨਮੇ.#ਲਹਿਣਾ ਜੀ ਆਪਣੇ ਪਿਤਾ ਵਾਂਙ ਦੇਵੀਭਗਤ ਸਨ ਅਤੇ ਦੇਵੀ ਦੇ ਭਗਤਾਂ ਦੀ ਜਮਾਤ ਦੇ ਮੁਖੀਏ ਹੋ ਕੇ ਦੁਰਗਾ ਦੇ ਦਰਸ਼ਨ ਨੂੰ ਹਰ ਸਾਲ ਜਾਇਆ ਕਰਦੇ ਸਨ. ਸੰਮਤ ੧੫੮੯ ਵਿੱਚ ਵੈਸਨਵ ਦੇਵੀ (ਨਾਨਕ ਪ੍ਰਕਾਸ਼ ਅਨੁਸਾਰ ਜ੍ਵਾਲਾਮੁਖੀ) ਦੀ ਯਾਤ੍ਰਾ ਜਾਂਦੇ ਹੋਏ ਕਰਤਾਰਪੁਰ ਸਤਿਗੁਰੂ ਨਾਨਕ ਦੇਵ ਨੂੰ ਮਿਲੇ. ਦਰਸ਼ਨ ਕਰਦੇ ਹੀ ਮਨ ਸ਼ਾਂਤ ਹੋ ਗਿਆ. ਗੁਰੁ ਉਪਦੇਸ਼ ਸੁਣਕੇ ਦੇਵੀ ਦੀ ਉਪਾਸਨਾ ਛੱਡਕੇ ਸਤਿਗੁਰੂ ਦੇ ਅਨੰਨ ਸਿੱਖ ਹੋ ਗਏ. ਸ਼੍ਰੀ ਗੁਰੂ ਨਾਨਕ ਦੇਵ ਇਨ੍ਹਾਂ ਦੀ ਸੇਵਾ ਅਤੇ ਭਗਤੀ ਤੋਂ ਅਜੇਹੇ ਰੀਝੇ ਕਿ ਅੰਗਦ ਨਾਉਂ ਰੱਖ ਕੇ ੧੭. ਹਾੜ ਸੰਮਤ ੧੫੯੬ ਨੂੰ ਗੁਰਗੱਦੀ ਪੁਰ ਅਸ੍‍ਥਾਨ ਕਰ ਦਿੱਤੇ. ਆਪ ਨੇ ੨੩ ਅੱਸੂ ਸੰਮਤ ੧੫੯੬ ਤੋਂ ਗੁਰੁਤਾ ਦਾ ਕੰਮ ਆਰੰਭਿਆ, ਅਤੇ ਪਰਮ ਗੁਰੂ ਦੇ ਸਿੱਧਾਂਤ ਦਾ ਪ੍ਰਚਾਰ ਬਹੁਤ ਉੱਤਮ ਰੀਤੀ ਨਾਲ ਕੀਤਾ. ਸੰਮਤ ੧੫੯੮ ਵਿੱਚ ਗੁਰੁਮੁਖੀ ਅੱਖਰਾਂ ਵਿੱਚ ਵਿਦ੍ਯਾ ਦਾ ਪ੍ਰਚਾਰ ਜਾਤਿ ਪਾਤਿ ਦੇ ਲਿਹਾਜ ਬਿਨਾ ਅਰੰਭਿਆ. ਸੰਮਤ ੧੬੦੧ ਵਿੱਚ ਗੁਰੂ ਨਾਨਕ ਦੇਵ ਦੀ ਜਨਮਸਾਖੀ ਲਿਖਵਾਈ, ਜਿਸ ਦਾ ਵਿਗੜਿਆ ਸਰੂਪ ਇਸ ਵੇਲੇ ਭਾਈ ਬਾਲੇ ਵਾਲੀ ਸਾਖੀ ਹੈ. ਆਪ ੩. ਵੈਸਾਖ (ਚੇਤ ਸੁਦੀ ੪) ਸੰਮਤ ੧੬੦੯ (੨੯ ਮਾਰਚ ਸਨ ੧੫੫੨) ਨੂੰ ਖਡੂਰ ਵਿੱਚ ੧੨. ਸਾਲ ੯. ਮਹੀਨੇ ੧੭. ਦਿਨ ਗੁਰੁਤਾ ਕਰਕੇ, ਅਤੇ ਸਾਰੀ ਅਵਸਥਾ ੪੭ ਵਰ੍ਹੇ ੧੧. ਮਹੀਨੇ ੨੯ ਦਿਨ ਭੋਗਕੇ ਜੋਤੀਜੋਤਿ ਸਮਾਏ.


ਦੇਖੋ, ਅੰਗਣ। ੨. ਅੰਗਨਾ ਦਾ ਸੰਖੇਪ. ਇਸਤ੍ਰੀ. "ਸੁੰਦਰ ਮੰਦਿਰ ਅੰਗਨ ਸੇਜਾ." (ਨਾਪ੍ਰ) ਦੇਖੋ, ਅੰਗਨਾ.


ਸੰ. अङ्गना. ਸੰਗ੍ਯਾ- ਸੁੰਦਰ ਅੰਗਾਂ ਵਾਲੀ ਇਸਤ੍ਰੀ. ਕਾਮਿਨੀ. "ਅੰਗਨਾ ਅਧੀਨ ਕਾਮ ਕ੍ਰੋਧ ਮੇ ਪ੍ਰਬੀਨ." (ਅਕਾਲ)


ਸੰ. अङ्गन्यास. ਸੰਗ੍ਯਾ- ਹਿੰਦੂਮਤ ਅਨੁਸਾਰ ਮੰਤ੍ਰਾਂ ਪਾਠ ਕਰਦੇ ਹੋਏ ਇੱਕ ਇੱਕ ਅੰਗ ਨੂੰ ਛੁਹਿਣਾ. ਦੇਖੋ, ਕਾਤ੍ਯਾਯਨ ਸਿਮ੍ਰਿਤਿ, ਖੰਡ ੧, ਸ਼ਃ ੫. ਤੋਂ ੮.