اُ توں شروع ہون والے پنجابی لفظاں دے معنےਛ

ਕ੍ਰਿ- ਮੁਦ੍ਰਿਤ ਕਰਨਾ. ਉਭਰੇ ਅਥਵਾ ਖੁਦੇ ਹੋਏ ਅੱਖਰਾਂ ਦਾ ਚਿੰਨ੍ਹ ਕਿਸੇ ਵਸਤੁ ਪੁਰ ਲਾਉਣਾ। ੨. ਵਸਤ੍ਰ ਆਦਿਕ ਤੇ ਰੰਗਦਾਰ ਚਿਤ੍ਰਾਂ ਦਾ ਲਾਉਣਾ.


ਦੇਖੋ, ਛੱਪਰ.


ਸੰਗ੍ਯਾ- ਛਪਰੀ. ਫੂਸ ਦੀ ਕੁਟੀ. ਛੰਨ. "ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ." (ਸੂਹੀ ਮਃ ੫) ੨. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਸਰਹਾਲੀ ਦਾ ਇੱਕ ਪਿੰਡ, ਜਿੱਥੇ ਹੇਮੇ ਪ੍ਰੇਮੀ ਦੀ ਛਪਰੀ ਵਿੱਚ ਗੁਰੂ ਅਰਜਨਦੇਵ ਜੀ ਨੇ ਨਿਵਾਸ ਕੀਤਾ ਅਤੇ ਉੱਪਰ ਲਿਖਿਆ ਸ਼ਬਦ ਉਚਾਰਿਆ.#ਇਸ ਥਾਂ ਗੁਰੂ ਅੰਗਦਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਭੀ ਚਰਣ ਪਏ ਹਨ, ਅਰ ਗੁਰੂ ਹਰਿਗੋਬਿੰਦ ਸਾਹਿਬ ਭੀ ਪਧਾਰੇ ਹਨ. ੧੪. ਘੁਮਾਉਂ ਜ਼ਮੀਨ ਪਿੰਡ ਖਾਨਛਾਪਰੀ, ਖਾਨਰਜਾਦਾ ਅਤੇ ਚੱਕ ਮਹਿਰਾ ਵਿੱਚ ਹੈ. ਰੇਲਵੇ ਸਟੇਸ਼ਨ ਤਰਨਤਾਰਨ ਤੋਂ ਛਾਪਰੀ ੧੦. ਮੀਲ ਵਾਯਵੀ ਕੋਣ ਹੈ.


ਦੇਖੋ, ਛੱਪਰ. "ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ." (ਸਾਰ ਮਃ ੫)


ਸੰਗ੍ਯਾ- ਕੰਡੇਦਾਰ ਮੋੜ੍ਹੀ। ੨. ਰਾਤ ਨੂੰ ਸੁੱਤੇ ਪਏ ਵੈਰੀ ਪੁਰ ਛਿਪਕੇ ਕੀਤਾ ਥਾਵਾ. ਸ਼ਭਖ਼ੂੰ. "ਮਾਰੈਂ ਛਾਪਾ ਰਾਤ ਕੋ ਜੰਗਲ ਮੇ ਸੇ ਆਇ." (ਪੰਪ੍ਰ) ੩. ਛਾਪਣ ਮੁਦ੍ਰਿਤ ਕਰਨ) ਦੀ ਕਲਾ. ਮੁਦ੍ਰਾਯੰਤ੍ਰ. Printing Press. ਸਭ ਤੋਂ ਪਹਿਲਾਂ ਛਾਪਣ ਦੀ ਵਿਦ੍ਯਾ ਚੀਨੀਆਂ ਨੇ ਕੱਢੀ, ਫੇਰ ਸਨ ੧੪੨੦ ਤੋਂ ੧੪੩੮ ਦੇ ਵਿਚਕਾਰ ਹੌਲੈਂਡ ਅਤੇ ਜਰਮਨੀ ਦੇ ਵਿਦ੍ਵਾਨਾਂ ਨੇ ਇਸ ਨੂੰ ਤਰੱਕ਼ੀ ਦਿੱਤੀ. ਇੰਗਲੈਂਡ ਵਿੱਚ ਇਸ ਦਾ ਪ੍ਰਚਾਰ ੧੪੭੪ ਵਿੱਚ ਹੋਇਆ. ਭਾਰਤ ਵਿੱਚ ਪੁਰਤਗਾਲੀਆਂ ਨੇ ਈਸਵੀ ਸਤਾਰਵੀਂ ਸਦੀ ਵਿੱਚ ਗੋਆ ਨਗਰ ਵਿੱਚ ਛਾਪੇਖ਼ਾਨਾ ਖੋਲਿਆ. ਪੰਜਾਬ ਵਿੱਚ ਮੁਦ੍ਰਾਯੰਤ੍ਰ ਸਨ ੧੮੪੯ ਵਿੱਚ ਲਹੌਰ ਕ਼ਾਇਮ ਹੋਇਆ. ਸਮੇਂ ਦੇ ਫੇਰ ਨਾਲ ਛਾਪਾ ਭੀ ਆਪਣੀ ਸ਼ਕਲ ਬਦਲਦਾ ਆਇਆ ਹੈ. ਹੁਣ ਟਾਈਪ ਫ਼ੌਂਡਰੀ (Type Foundry) ਵਿੱਚ ਢਲੇ ਅਕ੍ਸ਼੍‍ਰ ਅਨੇਕ ਪ੍ਰਕਾਰ ਦੇ ਬਹੁਤ ਮਨੋਹਰ ਦੇਖੀਦੇ ਹਨ ਗੁਰਮੁਖੀ ਦਾ ਟਾਈਪ ਸਭ ਤੋਂ ਪਹਿਲਾਂ ਲੁਧਿਆਨੇ ਦੇ ਮਿਸ਼ਨਰੀਆਂ ਨੇ ਬਣਾਇਆ, ਫੇਰ ਲਹੌਰ ਨਿਵਾਸੀ ਭਾਈ ਹੀਰਾਨੰਦ ਮਰਵਾਹਾ ਖਤ੍ਰੀ ਨੇ ਸੁਡੌਲ ਅੱਖਰ ਸਨ ੧੮੮੭ ਵਿੱਚ ਢਲਵਾਏ. ਸ਼੍ਰੀ ਗੁਰੂ ਗ੍ਰੰਥ ਸਾਹਿਬ ਛੋਟੇ ਆਕਾਰ ਦਾ ਪੰਜ ਜਿਲਦਾਂ ਵਿੱਚ ਸਭ ਤੋਂ ਪਹਿਲਾਂ ਟਾਈਪ ਦੇ ਅੱਖਰਾਂ ਵਿੱਚ ਹੀਰਾਨੰਦ ਨੇ ਹੀ ਸੰਮਤ ਨਾਨਕਸ਼ਾਹੀ ੪੨੦ ਵਿੱਚ ਛਾਪਿਆ ਹੈ. ਹੁਣ ਗੁਰਮੁਖੀ ਦਾ ਟਾਈਪ ਕਈ ਤਰਾਂ ਦਾ ਮਨੋਹਰ ਬਣ ਗਿਆ ਹੈ ਅਤੇ ਇਸ ਦੀਆਂ ਕਈ ਫ਼ੌਂਡਰੀਆਂ ਪੰਜਾਬ ਵਿੱਚ ਦੇਖੀਦੀਆਂ ਹਨ। ੪. ਛਾਪਣ ਦਾ ਕਰਮ। ੫. ਉਥਾਰਾ. ਸੁੱਤੇ ਹੋਏ ਆਦਮੀ ਨੂੰ ਆਇਆ ਦਾਬਾ. "ਸਭੁ ਜਗ ਦਬਿਆ ਛਾਪੈ." (ਮਲਾ ਅਃ ਮਃ ੧) ਦੇਖੋ, ਉਥਾਰਾ। ੬. ਸੰਖ ਚਕ੍ਰ ਆਦਿਕ ਵਿਸਨੁ ਦੇ ਚਿੰਨ੍ਹ ਤਪਾਕੇ ਸ਼ਰੀਰ ਪੁਰ ਲਾਉਣ ਦੀ ਕ੍ਰਿਯਾ. "ਭਾਵੈ ਜਾਇ ਦ੍ਵਾਰਿਕਾ ਦਗਧ ਦੇਹ ਕਰੈ ਛਾਪਾ." (ਕਵਿ ੫੨)