ਅਯੋਧ੍ਯਾ- ਈਸ਼. ਅਵਧ- ਈਸ਼. ਸੰਗ੍ਯਾ- ਦਸ਼ਰਥ. "ਉਰਧ ਗੇ ਅਉਧੇਸ." (ਰਾਮਾਵ) ਊਰਧਲੋਕ (ਸੁਰਗ) ਨੂੰ ਰਾਜਾ ਦਸ਼ਰਥ ਗਏ। ੨. ਵਿ- ਅਯੋਧ੍ਯਾ ਦਾ ਰਾਜਾ.
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਦਾਨਵ ਅਉਰ ਦੇਵ ਮਿਲ ਸਬਹਿਨ." (ਸਲੋਹ) ੨. ਸੰ. ਅਪਰ. ਵਿ- ਪਹਿਲਾ। ੩. ਪਿਛਲਾ। ੪. ਦੂਜਾ. ਅਨ੍ਯ. ਹੋਰ. "ਅਉਰ ਸਗਲ ਜਗੁ ਮਾਇਆ ਮੋਹਿਆ." (ਗਉ ਮਃ ੯) "ਅਉਰ ਧਰਮ ਤਾਕੈ ਸਮ ਨਾਹਨ." (ਸੋਰ ਮਃ ੯)
ਫ਼ਾ [عوَرت] ਔ਼ਰਤ. ਸੰਗ੍ਯਾ- ਉਹ ਚੀਜ਼, ਜੋ ਛੁਪਾਉਣ (ਲੁਕੋਣ) ਲਾਇਕ ਹੋਵੇ। ੨. ਭਾਵ- ਇਸਤ੍ਰੀ. ਜਨਾਨੀ. ਤੀਮੀ. ਨਾਰੀ. ਤ੍ਰੀਮਤ. "ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾਰੇ." (ਪ੍ਰਭਾ ਕਬੀਰ) ੩. ਭਾਰਯਾ. ਜੋਰੂ. ਵਹੁਟੀ. "ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ?" (ਆਸਾ ਕਬੀਰ) ੪. ਭਗ. ਯੋਨਿ.
ਬਹੁ ਵਚਨ ਅਉਰਤ ਦਾ. "ਦਸ ਅਉਰਾਤ ਰਖਹੁ ਬਦਰਾਹੀ." (ਮਾਰੂ ਸੋਲਹੇ ਮਃ ੫) ਇਸ ਥਾਂ ਔ਼ਰਾਤ ਤੋਂ ਭਾਵ ਦਸ਼ ਇੰਦ੍ਰੀਆਂ ਦਾ ਹੈ.
ਦੇਖੋ, ਅਉਰ. "ਹਰਿ ਬਿਨੁ ਅਉਰੁ ਨ ਦੇਖਾ." (ਸੋਰ ਕਬੀਰ)
ਸਿੱਖਇਤਿਹਾਸ ਵਿੱਚ ਇਹ ਨਾਉਂ ਬਾਦਸ਼ਾਹ ਔਰੰਗਜ਼ੇਬ ਲਈ ਆਏ ਹਨ. ਦੇਖੋ, ਔਰੰਗ ਅਤੇ ਔਰੰਗਜ਼ੇਬ. "ਤਬ ਅਉਰੰਗ ਮਨ ਮਾਹਿ ਰਿਸਾਵਾ." (ਵਿਚਿਤ੍ਰ)
ਦੇਖੋ, ਅੱਵਲ। ੨. ਦੇਖੋ, ਆਵਲ। ੩. ਦੇਖੋ, ਅਉਲਿ। ੪. ਜੱਟਾਂ ਦਾ ਇੱਕ ਗੋਤ.
ਅ਼. [اولیِیا] ਇਹ ਬਹੁ ਵਚਨ ਹੈ ਵਲੀ ਦਾ. ਅ਼ਰਬੀ ਵਿੱਚ ਵਲੀ ਦਾ ਅਰਥ ਹੈ ਸ੍ਵਾਮੀ. ਮਾਲਿਕ. ਪਤੀ. ਭਰਤਾ. ਸਹਾਇਕ. ਮਿਤ੍ਰ. ਸਾਧੁ. ਧਰਮ ਦਾ ਆਗੂ. "ਅਵਲਿ ਅਉਲਿ ਦੀਨੁ ਕਰਿ ਮਿਠਾ." (ਵਾਰ ਮਾਝ ਮਃ ੧) "ਸੇਖ ਮਸਾਇਕ ਅਉਲੀਏ." (ਵਾਰ ਗੂਜ ੨, ਮਃ ੫)
ਸੰਗ੍ਯਾ- ਕਲੰਕ. ਦਾਗ. "ਅਉਲੰਗ ਵਿਚਕਾਰਾ." (ਭਾਗੁ) ਚੰਦ੍ਰਮਾ ਵਿੱਚ ਕਲੰਕ ਹੈ.
ਸੰਗ੍ਯਾ- ਅਵ੍ਰਿਸ੍ਟਿ. ਵਰਖਾ ਦੀ ਅਣਹੋਂਦ। ੨. ਸੋਕਾ. "ਅਉਂੜੀ ਅੱਕ ਸੁਫੁੱਲੀ ਭਰਿਆ." (ਭਾਗੁ) ਗ੍ਰੀਖਮ ਰੁੱਤ ਵਿੱਚ ਅੱਕ ਫੁੱਲਦਾ ਹੈ, ਵਰਖਾ ਵਿੱਚ ਮੁਰਝਾ ਜਾਂਦਾ ਹੈ.¹