تعریف
ਆਸਾ ਰਾਗ ਵਿੱਚ ਸ਼ਰੀ ਗੁਰੂ ਅਰਜਨ ਦੇਵ ਦਾ ਸ਼ਬਦ ਹੈ-#(੧) ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦ ਤੇ ਸ੍ਰੇਸਟਾਈ ਰੇ,#(੨) ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ,#(੩) ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ,#(੪) ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ,#(੫) ਬਾਝੁ ਥੂਨੀਆ ਛਪਰਾ ਥਾਮਿਆ ਨੀਘਰਿਆ ਘਰੁ ਪਾਇਆ ਰੇ,#(੬) ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ,#(੭) ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ,#(੮) ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ,#(੯) ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ. x x x (ਆਸਾ ਮਃ ੫)#ਇਸ ਦਾ ਭਾਵ ਹੈ-#(੧) ਘਾਤਕ ਅਤੇ ਦੁੱਖ ਦੇਣਵਾਲੀ ਵ੍ਰਿੱਤੀ ਹੁਣ ਬ੍ਰਹਮਵਿਚਾਰ ਵਾਲੀ ਹੋ ਗਈ ਹੈ, ਅਤੇ ਗੁਲਾਮੀ ਦੀ ਆਦਤ ਸ੍ਰੇਸਟਾਈ (ਛਤ੍ਰਾਣੀ) ਬਣੀ ਹੈ, ਭਾਵ- ਸੂਰਵੀਰਤਾ ਆ ਗਈ ਹੈ. ਦੇਖੋ, ਸ੍ਰੇਸਟ ਅਤੇ ਸ੍ਰੇਸਟਾਈ.#(੨) ਪਤਾਲ ਅਕਾਸ ਦੇ ਪਦਾਰਥਾਂ ਨੂੰ ਖਾਕੇ ਜੋ ਭਰਦੀ ਨਹੀਂ ਸੀ, ਉਹ ਤ੍ਰਿਸਨਾਅਗਨਿ ਬੁਝ ਗਈ ਹੈ. ਦੇਖੋ, ਲਹਬਰ.#(੩) ਭੋਗਵਾਸਨਾ ਰੂਪ ਬਿੱਲੀ ਨੂੰ ਹੁਣ ਹੋਰ ਗੱਲ ਸਿਖਾਈ ਗਈ ਹੈ, ਉਹ ਵਿਸੇਰਸਾਂ ਨੂੰ ਵੇਖਕੇ ਡਰਦੀ ਹੈ.#(੪) ਨੰਮ੍ਰਭਾਵ ਦੇ ਵਸ ਵਿੱਚ ਅਹੰਕਾਰ ਹੋਗਿਆ ਹੈ, ਲੋਭ ਕੁੱਤੇ ਨੂੰ ਘਾਹ ਖਾਣ ਲਾ ਦਿੱਤਾ ਹੈ। ਭਾਵ- ਅਭੱਖ ਛੱਡਕੇ ਨਿਰਵਾਹ ਮਾਤ੍ਰ ਖਾਣ ਪੀਣ ਵਿੱਚ ਸੰਤੋਖ ਹੈ.#(੫) ਸਰੀਰ ਰੂਪ ਛੱਪਰ ਨੂੰ ਕਿਸੇ ਦੇ ਆਸਰੇ ਨਹੀਂ ਰੱਖਿਆ ਹੈ, ਭਾਵ- ਬੇਗਾਨੀ ਆਸ ਛੱਡ ਦਿੱਤੀ ਹੈ. ਜੋ ਬਿਨਾ ਵਿਸ਼੍ਰਾਮ ਭਟਕਦਾ ਫਿਰਦਾ ਸੀ, ਉਸ ਨੇ ਆਪਣੇ ਅੰਦਰ ਹੀ ਵਿਸ਼੍ਰਾਮ ਦੀ ਥਾਂ ਲੋਭੀ ਹੈ.#(੬) ਉਕਤਿ ਜੁਗਤਿ ਵਾਕਰਚਨਾ ਕਰਨ ਵਾਲੇ ਪੰਡਿਤ ਤੋਂ ਬਿਨਾ ਹੀ ਆਮਿਲ ਲੋਕਾਂ ਨੂੰ ਗ੍ਯਾਨ- ਰਤਨ ਨਾਲ ਆਪਣੇ ਅੰਤਹਕਰਣ ਨੂੰ ਭੂਸਿਤ ਕੀਤਾ ਹੈ.#(੭) ਜੋ ਫਰਿਆਦੀ ਦਾ ਵੇਲਾ ਕਰਨ ਤੋਂ ਭੀ ਇਨਸਾਫ ਨਹੀਂ ਪਾ ਸਕਦਾ ਸੀ, ਉਸ ਨੇ ਚੁਪਕੇ ਹੀ ਫੈਸਿਲਾ ਪਾ ਲਿਆ ਹੈ. ਭਾਵ- ਵਿਚਾਰ ਦੀ ਪ੍ਰਾਪਤੀ ਹੋਣ ਤੋਂ ਅਸਲ ਬਾਤ ਸਮਝਕੇ ਮੌਨ ਧਾਰ ਲਈ ਹੈ.#(੮) ਮੁਰਦਾ (ਆਤਮਗ੍ਯਾਨ ਰਹਿਤ ਜੜ੍ਹਮਤਿ) ਸਿੰਘਾਸਨ ਤੇ ਬੈਠਾ ਹੈ, ਭਾਵ- ਉੱਚੀ ਪਦਵੀ ਨੂੰ ਪ੍ਰਾਪਤ ਹੋਇਆ ਹੈ. ਨੇਤ੍ਰਾਂ ਦਾ ਦਿਖਾਵਾ (ਅਡੰਬਰ) ਨੱਠ ਗਿਆ ਹੈ. ਭਾਵ- ਦਿਖਾਵੇ ਤੋਂ ਘ੍ਰਿਣਾ ਹੈ.#(੯) ਜੋ ਆਖਦਾ ਹੈ- ਮੈ ਗ੍ਯਾਨੀ ਹਾਂ, ਉਹ ਅਗ੍ਯਾਨੀ ਹੈ. ਜੋ ਵਾਸਤਵ ਗ੍ਯਾਨੀ ਹੈ ਉਹ ਲਕਿਆ ਨਹੀਂ ਰਹਿ ਸਕਦਾ.
ماخذ: انسائیکلوپیڈیا