ਅੰਗਦ ਸਤਿਗੁਰੂ
angath satiguroo/angadh satigurū

تعریف

ਸੱਖਕੌਮ ਦੇ ਦੂਜੇ ਪਾਤਸ਼ਾਹ, ਜਿਨ੍ਹਾਂ ਦਾ ਜਨਮ ਐਤਵਾਰ ਵੈਸਾਖ ਵਦੀ ੧. (੫ ਵੈਸਾਖ) ਸੰਮਤ ੧੫੬੧ (੩੧ ਮਾਰਚ ਸਨ ੧੫੦੪) ਨੂੰ ਫੇਰੂ ਮੱਲ ਖਤ੍ਰੀ ਦੇ ਘਰ ਮਾਤਾ ਦ੍ਯਾ (ਦਇਆ) ਕੌਰਿ ਦੇ ਉਦਰ ਤੋਂ ਮਤੇ ਦੀ ਸਰਾਇ (ਜਿਲਾ ਫ਼ਿਰੋਜ਼ਪੁਰ) ਵਿੱਚ ਹੋਇਆ. ਇਨ੍ਹਾਂ ਦਾ ਪਹਿਲਾ ਨਾਉਂ ਲਹਿਣਾ ਸੀ. ਸੰਮਤ ੧੫੭੬ ਵਿੱਚ ਦੇਵੀ ਚੰਦ ਖਤ੍ਰੀ ਦੀ ਸੁਪੁਤ੍ਰੀ ਖੀਵੀ ਜੀ ਨਾਲ ਸੰਘਰ ਪਿੰਡ, ਜਿਸ ਦਾ ਹੁਣ ਖਡੂਰ ਪਾਸ ਥੇਹ ਹੈ, ਵਿਆਹ ਹੋਇਆ, ਜਿਸ ਤੋਂ ਦੋ ਪੁਤ੍ਰ ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਪੁਤ੍ਰੀਆਂ ਬੀਬੀ ਅਮਰੋ ਅਤੇ ਅਣੋਖੀ ਜੀ ਜਨਮੇ.#ਲਹਿਣਾ ਜੀ ਆਪਣੇ ਪਿਤਾ ਵਾਂਙ ਦੇਵੀਭਗਤ ਸਨ ਅਤੇ ਦੇਵੀ ਦੇ ਭਗਤਾਂ ਦੀ ਜਮਾਤ ਦੇ ਮੁਖੀਏ ਹੋ ਕੇ ਦੁਰਗਾ ਦੇ ਦਰਸ਼ਨ ਨੂੰ ਹਰ ਸਾਲ ਜਾਇਆ ਕਰਦੇ ਸਨ. ਸੰਮਤ ੧੫੮੯ ਵਿੱਚ ਵੈਸਨਵ ਦੇਵੀ (ਨਾਨਕ ਪ੍ਰਕਾਸ਼ ਅਨੁਸਾਰ ਜ੍ਵਾਲਾਮੁਖੀ) ਦੀ ਯਾਤ੍ਰਾ ਜਾਂਦੇ ਹੋਏ ਕਰਤਾਰਪੁਰ ਸਤਿਗੁਰੂ ਨਾਨਕ ਦੇਵ ਨੂੰ ਮਿਲੇ. ਦਰਸ਼ਨ ਕਰਦੇ ਹੀ ਮਨ ਸ਼ਾਂਤ ਹੋ ਗਿਆ. ਗੁਰੁ ਉਪਦੇਸ਼ ਸੁਣਕੇ ਦੇਵੀ ਦੀ ਉਪਾਸਨਾ ਛੱਡਕੇ ਸਤਿਗੁਰੂ ਦੇ ਅਨੰਨ ਸਿੱਖ ਹੋ ਗਏ. ਸ਼੍ਰੀ ਗੁਰੂ ਨਾਨਕ ਦੇਵ ਇਨ੍ਹਾਂ ਦੀ ਸੇਵਾ ਅਤੇ ਭਗਤੀ ਤੋਂ ਅਜੇਹੇ ਰੀਝੇ ਕਿ ਅੰਗਦ ਨਾਉਂ ਰੱਖ ਕੇ ੧੭. ਹਾੜ ਸੰਮਤ ੧੫੯੬ ਨੂੰ ਗੁਰਗੱਦੀ ਪੁਰ ਅਸ੍‍ਥਾਨ ਕਰ ਦਿੱਤੇ. ਆਪ ਨੇ ੨੩ ਅੱਸੂ ਸੰਮਤ ੧੫੯੬ ਤੋਂ ਗੁਰੁਤਾ ਦਾ ਕੰਮ ਆਰੰਭਿਆ, ਅਤੇ ਪਰਮ ਗੁਰੂ ਦੇ ਸਿੱਧਾਂਤ ਦਾ ਪ੍ਰਚਾਰ ਬਹੁਤ ਉੱਤਮ ਰੀਤੀ ਨਾਲ ਕੀਤਾ. ਸੰਮਤ ੧੫੯੮ ਵਿੱਚ ਗੁਰੁਮੁਖੀ ਅੱਖਰਾਂ ਵਿੱਚ ਵਿਦ੍ਯਾ ਦਾ ਪ੍ਰਚਾਰ ਜਾਤਿ ਪਾਤਿ ਦੇ ਲਿਹਾਜ ਬਿਨਾ ਅਰੰਭਿਆ. ਸੰਮਤ ੧੬੦੧ ਵਿੱਚ ਗੁਰੂ ਨਾਨਕ ਦੇਵ ਦੀ ਜਨਮਸਾਖੀ ਲਿਖਵਾਈ, ਜਿਸ ਦਾ ਵਿਗੜਿਆ ਸਰੂਪ ਇਸ ਵੇਲੇ ਭਾਈ ਬਾਲੇ ਵਾਲੀ ਸਾਖੀ ਹੈ. ਆਪ ੩. ਵੈਸਾਖ (ਚੇਤ ਸੁਦੀ ੪) ਸੰਮਤ ੧੬੦੯ (੨੯ ਮਾਰਚ ਸਨ ੧੫੫੨) ਨੂੰ ਖਡੂਰ ਵਿੱਚ ੧੨. ਸਾਲ ੯. ਮਹੀਨੇ ੧੭. ਦਿਨ ਗੁਰੁਤਾ ਕਰਕੇ, ਅਤੇ ਸਾਰੀ ਅਵਸਥਾ ੪੭ ਵਰ੍ਹੇ ੧੧. ਮਹੀਨੇ ੨੯ ਦਿਨ ਭੋਗਕੇ ਜੋਤੀਜੋਤਿ ਸਮਾਏ.
ماخذ: انسائیکلوپیڈیا