ਅੰਧ ਨੇਤ੍ਰਾ
anthh naytraa/andhh nētrā

تعریف

ਅੱਖਾਂ ਦੀ ਜੋਤ ਦਾ ਜਾਂਦਿਆਂ ਰਹਿਣਾ. [ذهاب الصبر] ਜਹਾਬੁਲਬਸਰ. Amaurosis. ਇਸ ਰੋਗ ਵਿੱਚ ਨਜਰ ਸਹਜੇ ਸਹਜੇ ਅਥਵਾ ਅਚਾਨਕ ਹੀ ਨਸ੍ਟ ਹੋ ਜਾਂਦੀ ਹੈ. ਇਸ ਦੇ ਕਾਰਨ ਹਨ- ਸਿਰ ਤੇ ਸੱਟ ਲੱਗਣੀ, ਦਿਮਾਗ ਵਿੱਚ ਰਸੌਲੀ ਜਾਂ ਆਤਸ਼ਕ ਦਾ ਫੋੜਾ ਹੋਣਾ, ਬਹੁਤ ਮੈਥੁਨ ਕਰਨਾ, ਅੱਖਾਂ ਦੇ ਪਰਦਿਆਂ ਵਿੱਚ ਦੋਸ ਹੋਣਾ, ਘੱਟ ਚਾਨਣੇ ਵਿੱਚ ਪੜ੍ਹਨਾ, ਉੱਲ ਰੋਗ ਹੋਣਾ, ਸ਼ਰਾਬ ਅਤੇ ਤਮਾਕੂ ਬਹਤ ਪੀਣਾ, ਇਸਤ੍ਰੀਆਂ ਦੇ ਇੱਕ ਬਾਰ ਹੀ ਰਿਤੂ ਬੰਦ ਹੋਣੇ ਆਦਿ.#ਇਸ ਰੋਗ ਵਿੱਚ ਸਿਆਣੇ ਵੈਦ ਡਾਕਟਰ ਦਾ ਇਲਾਜ ਕਰਾਉਣਾ ਚਾਹੀਏ ਜੋ ਕਾਰਣ ਨੂੰ ਚੰਗੀ ਤਰਾਂ ਪਰਖਕੇ ਯੋਗ ਉਪਾਉ ਕਰੇ.#ਅੰਧਨੇਤ੍ਰੇ ਦੇ ਰੋਗੀ ਨੂੰ ਤਾਕਤ ਵਾਲੀ ਗਿਜਾ ਖਾਣੀ ਚਾਹੀਏ ਅਤੇ ਨੇਤ੍ਰਾਂ ਵਿੱਚ ਚੰਗੇ ਅੰਜਨ ਪਾਉਣੇ ਲੋੜੀਏ. ਮੈਥੁਨ ਤੋਂ ਪੂਰਾ ਪਰਹੇਜ ਰਖਣਾ ਚਾਹੀਏ. ਹੇਠ ਲਿਖਿਆ ਦਾਰੂ ਨੇਤ੍ਰਰੋਗਾਂ ਲਈ ਬਹੁਤ ਉੱਤਮ ਹੈ-#ਇੱਕ ਤੋਲਾ ਸੁੱਧ ਸਿੱਕਾ ਢਾਲਕੇ ਉਸ ਵਿੱਚ ਇਕ ਤੋਲਾ ਪਾਰਾ ਮਿਲਾਕੇ ਗਰਮ ਗਰਮ ਪੀਸੋ. ਨੀਲਾ ਕੱਚ, ਜਿਸ ਦਾ ਕੁਸ਼ਤਾ, ਛੋਟੀ ਇਲਾਚੀ ਦੇ ਦਾਣੇ, ਸੁਹਾਗਾ ਫੁੱਲ, ਸੁੱਚਾ ਸਿੱਪ, ਸੰਗ ਬਸਰੀ, ਮਮੀਰੀ, ਸਮੁੰਦਰਝੱਗ, ਸਰਦ ਚੀਨੀ, ਕਪੂਰ, ਇਹ ਸਾਰੇ ਇੱਕ ਇੱਕ ਤੋਲਾ ਲੈਣੇ, ਚਿੱਟਾ ਸੁਰਮਾ ਚਾਰ ਤੋਲੇ, ਕਾਲਾ ਸੁਰਮਾ ੧੦. ਤੋਲੇ, ਅਫੀਮ ਕਚਕਰਾ ਤਿੰਨ ਮਾਸ਼ੇ, ਇਹ ਸਾਰੀ ਚੀਜਾਂ ਬਰੀਕ ਪੀਸ ਲੈਣੀਆਂ, ਇੱਕ ਬੋਤਲ ਅਰਕ ਗੁਲਾਬ, ਦੋ ਛਟਾਂਕ ਨਿੰਮ ਦੇ ਪੱਤਰਾਂ ਦਾ ਰਸ, ਦੋ ਛਟਾਂਕ ਹਰੜ ਬਹੇੜੇ ਆਉਲਿਆਂ ਦਾ ਕਾੜ੍ਹਾ, ਛਟਾਂਕ ਰਸੌਂਤ, ਇਨ੍ਹਾਂ ਸਾਰੇ ਰਸਾਂ ਵਿੱਚ ਘੋਲ ਲੈਣੀ. ਇਸ ਪਾਣੀ ਵਿੱਚ ਉੱਪਰ ਲਿਖੀਆਂ ਦਵਾਈਆਂ ਖਰਲ ਕਰਨੀਆਂ, ਜਦ ਕੱਜਲ ਵਾਂਙ ਬਰੀਕ ਹੋ ਜਾਣ ਤਦ ਨੀਲੀ ਸ਼ੀਸ਼ੀ ਵਿੱਚ ਪਾਲਓ. ਰਾਤ ਨੂੰ ਸੌਣ ਵੇਲੇ ਸਲਾਈ ਨਾਲ ਪਾਉਣ ਤੋਂ ਨੇਤ੍ਰ ਦੇ ਰੋਗ ਮਿਟ ਜਾਂਦੇ ਹਨ. ਇਸ ਬਾਤ ਦਾ ਖਿਆਲ ਰੱਖਣਾ ਚਾਹੀਏ ਕਿ ਦੂਜੇ ਦੇ ਨੇਤ੍ਰਾਂ ਨੂੰ ਲੱਗੀ ਸਲਾਈ ਨਾ ਹੋਵੇ ਅਤੇ ਨਾ ਸਾਫ ਕੀਤੇ ਬਿਨਾ ਸਲਾਈ ਸੀਸੀ ਵਿੱਚ ਪਾਉਣੀ ਚਾਹੀਏ. ਸਬਜ ਮੋਤੀਆ ਬਿੰਦ ਵਿੱਚ ਜੋ ਦਵਾਈਆਂ ਲਿਖੀਆਂ ਹਨ ਉਹ ਸਭ ਅੰਧਨੇਤ੍ਰੇ ਲਈ ਗੁਣਕਾਰੀ ਹਨ.#ਅੰਧਨੇਤ੍ਰੇ ਦੇ ਦਿਵਾਂਧ ਅਤੇ ਨਕਤਾਂਧ ਦੋ ਭੇਦ ਹੋਰ ਭੀ ਹਨ, ਅਰਥਾਤ ਦਿਨ ਨੂੰ ਅੰਧੇ ਹੋ ਜਾਣਾ ਅਤੇ ਰਾਤ ਨੂੰ ਦਿਖਾਈ ਦੇਣਾ, ਅਤੇ ਰਾਤ ਨੂੰ ਅੰਧੇ ਹੋ ਜਾਣਾ ਦਿਨ ਨੂੰ ਨਜਰ ਆਉਣਾ. ਪਿੱਤ ਦੇ ਵਿਕਾਰੀ ਹੋਣ ਤੋਂ ਦਿਨ ਨੂੰ ਦਿਖਾਈ ਨਹੀਂ ਦਿੰਦਾ, ਕਫ ਦਾ ਵਿਕਾਰ ਹੋਣ ਕਰਕੇ ਰਾਤ ਨੂੰ ਨਜਰ ਆਉਂਦਾ.#ਬਹੇੜੇ ਦੀ ਗਿਰੀ ਜਲ ਵਿੱਚ ਘਸਾਕੇ ਨੇਤ੍ਰਾਂ ਵਿੱਚ ਪਾਉਣ ਤੋਂ ਅਤੇ ਕਣਕ ਦੀ ਗਰਮ ਰੋਟੀ ਤੇ ਤਾਜਾ ਘੀ ਪਾਕੇ ਸੱਤ ਦਿਨ ਖਾਣ ਤੋਂ ਨੇਤ੍ਰਾਂ ਦਾ ਇਹ ਰੋਗ ਦੂਰ ਹੋ ਜਾਂਦਾ ਹੈ.#ਤ੍ਰਿਫਲੇ ਦਾ ਚੂਰਣ ਛੀ ਮਾਸ਼ੇ ਗਊ ਦੇ ਘੀ ਵਿੱਚ ਮਿਲਾਕੇ ਰੋਜ ਚੱਟਣਾ ਭੀ ਗੁਣਕਾਰੀ ਹੈ.#ਖ਼ੁਰਫੇ ਦੇ ਬੀਜ ਤਿੰਨ ਮਾਸ਼ੇ, ਧਨੀਆ ਤਿੰਨ ਮਾਸ਼ੇ ਪੀਸਕੇ ਤਿੰਨ ਮਾਸ਼ੇ ਬੀਹਦਾਣੇ ਦੇ ਲੁਆਬ ਵਿੱਚ ਮਿਲਾਕੇ ਚਾਰ ਤੋਲੇ ਸ਼ਰਬਤ ਉਨਾਬ ਨਾਲ ਪੀਣਾ ਲਾਭਦਾਇਕ ਹੈ. ਗੁਲਾਬ ਵਿੱਚ ਚਿੱਟਾ ਚੰਦਨ ਘਸਾਕੇ ਮੱਥੇ ਤੇ ਮਲਨਾ ਉੱਤਮ ਹੈ.#"ਪਥਰੀ ਬਾਇਫਿਰੰਗ ਅੰਧਨੇਤ੍ਰਾ." (ਚਰਿਤ੍ਰ ੪੦੫)
ماخذ: انسائیکلوپیڈیا