تعریف
ਵਾ- ਤਿਲੰਗ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਇਹ ਭਵਿਸ਼੍ਯਤ ਦਾ ਹਾਲ ਪ੍ਰਗਟ ਕਰਨ ਵਾਲਾ ਵਾਕ ਹੈ, ਜੋ ਭਾਈ ਲਾਲੋ ਪ੍ਰੇਮੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ. ਯਥਾ:-#"ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ." ਇਸ ਦਾ ਅਰਥ ਹੈ ਕਿ ਇਸ ਥਾਂ ਸੈਦਪੁਰ (ਏਮਨਾਬਾਦ) ਵਿੱਚ ਮੁਗਲ ੧੫੭੮ ਬਿਕ੍ਰਮੀ ਨੂੰ ਆਕੇ ਹੰਕਾਰੀ ਪਠਾਣਾਂ ਨੂੰ ਤਬਾਹ ਕਰਨਗੇ, ਅਤੇ ਭਾਰਤ ਤੋਂ ਸੰਮਤ ੧੫੯੭ ਨੂੰ ਚਲੇ ਜਾਣਗੇ, ਪਠਾਣਾਂ ਵਿੱਚੋਂ ਭੀ ਇੱਕ ਹੋਰ ਮਰਦ ਦਾ ਚੇਲਾ ਪ੍ਰਗਟ ਹੋਵੇਗਾ.#ਬਾਬਰ ਦੇ ਹਿੰਦੁਸਤਾਨ ਉੱਪਰ ਪੰਜ ਹੱਲੇ ਹੋਏ ਹਨ. ਇਹ ਤੀਜਾ ਹੱਲਾ ਸੰਮਤ ੧੫੭੮ ਦਾ ਸੀ, ਜਿਸ ਵਿੱਚ ਸੈਦਪੁਰ ਦੇ ਅਹੰਕਾਰੀ ਪਠਾਣ ਬਾਬਰ ਨੇ ਕਤਲ ਕੀਤੇ. ਸੰਮਤ ੧੫੯੭ ਵਿੱਚ ਕਨੌਜ ਦੀ ਲੜਾਈ ਅੰਦਰ ਸ਼ੇਰ ਸ਼ਾਹ ਤੋਂ ਹਾਰ ਖਾ ਕੇ ਹੁਮਾਯੂੰ ਭਾਰਤ ਛੱਡ ਗਿਆ."ਭੀ" ਸ਼ਬਦ ਬੋਧਨ ਕਰਦਾ ਹੈ ਕਿ ਮੁਗਲਾਂ ਕਰਕੇ ਜਿੱਤੇ ਹੋਏ ਪਠਾਣ ਫੇਰ ਭੀ ਰਾਜ ਪਾਉਣਗੇ, ਸੋ ਸ਼ੇਰ ਸ਼ਾਹ ਨੇ ਦਿੱਲੀ ਦਾ ਤਖ਼ਤ ਪ੍ਰਾਪਤ ਕੀਤਾ.#ਕਈ ਵਿਦ੍ਵਾਨ ਇਸ ਪੇਸ਼ੀਨਗੋਈ ਨੂੰ ਬਿਕ੍ਰਮੀ ਸੋਲਵੀਂ ਸਦੀ ਤੋਂ ਲੈ ਕੇ ਬੀਸਵੀਂ ਸਦੀ ਤਕ ਵਰਤਦੇ ਹਨ, ਅਰ "ਮਰਦ ਕਾ ਚੇਲਾ" ਦਸ਼ਮੇਸ਼ ਅਤੇ ਖ਼ਾਲਸਾ ਪੰਥ ਨੂੰ, ਤਥਾ ਬੰਦਾ ਬਹਾਦੁਰ ਆਦਿ ਅਨੇਕਾਂ ਨੂੰ ਕਲਪਦੇ ਹਨ, ਪਰ ਇਹ ਉਨਾਂ ਦੀ ਭੁੱਲ ਹੈ, ਕਿਉਂਕਿ ਸਦੀ ਦਾ ਅੰਗ ਸਾਥ ਲਾਏ ਬਿਨਾ ਵਿਚਕਾਰਲੇ ਅੰਗ ਕੇਵਲ ਵਰਤਮਾਨ ਸਦੀ ਦੇ ਹੀ ਵਰਤੇ ਜਾ ਸਕਦੇ ਹਨ, ਜੋ ਸੋਲਵੀਂ ਸਦੀ ਤੋਂ ਬਾਹਰ ਦੀ ਘਟਨਾ ਸਤਿਗੁਰੂ ਵਰਣਨ ਕਰਦੇ, ਤਦ ਸਦੀ ਦਾ ਅੰਗ ਜਰੂਰ ਜੋੜਦੇ. ਏਥੇ ਕੇਵਲ ਸੋਲਵੀਂ ਸਦੀ ਦਾ ੭੮ ਅਤੇ ੯੭ ਹੈ.
ماخذ: انسائیکلوپیڈیا