تعریف
ਸੰ. उग्रसेन. ਸੰਗ੍ਯਾ- ਉਗ੍ਰ (ਜ਼ੋਰਾਵਰ) ਹੈ ਜਿਸ ਦੀ ਸੈਨਾ (ਫ਼ੌਜ). ਪਵਨਰੇਖਾ (ਅਥਵਾ ਕਾਸ਼੍ਯਾ) ਦੇ ਪੇਟ ਤੋਂ ਆਹੁਕ ਦਾ ਪੁਤ੍ਰ, ਜੋ ਕ੍ਰਿਸਨ ਜੀ ਦੇ ਨਾਨਾ ਦੇਵਕ ਦਾ ਵੱਡਾ ਭਾਈ ਅਤੇ ਦੇਵਕੀ ਦਾ ਤਾਇਆ ਸੀ. ਉਗ੍ਰਸੇਨ ਨੇ ਆਪਣੀ ਭਤੀਜੀ ਪੁਤ੍ਰੀ ਕਰਕੇ ਪਾਲੀ ਸੀ, ਇਸ ਲਈ ਦੇਵਕੀ ਉਗ੍ਰਸੇਨ ਦੀ ਪੁਤ੍ਰੀ ਪ੍ਰਸਿੱਧ ਹੋਈ.#ਉਗ੍ਰਸੇਨ ਨੇ ਮਥੁਰਾ ਦਾ ਰਾਜ ਬਹੁਤ ਉੱਤਮ ਰੀਤਿ ਨਾਲ ਕੀਤਾ, ਪਰ ਇਸ ਦੇ ਦੁਸ੍ਟ ਪੁਤ੍ਰ ਕੰਸ ਨੇ ਪਿਤਾ ਨੂੰ ਗੱਦੀਓਂ ਲਾਹਕੇ ਆਪ ਰਾਜ ਸੰਭਾਲ ਲਿਆ. ਕ੍ਰਿਸਨ ਜੀ ਨੇ ਆਪਣੇ ਮਾਮਾ ਕੰਸ ਨੂੰ ਮਾਰਕੇ ਨਾਨਾ ਉਗ੍ਰੇਸਨ ਨੂੰ ਮੁੜ ਮਥੁਰਾ ਦੀ ਗੱਦੀ ਤੇ ਬੈਠਾਇਆ. ਇਹ ਕਰਤਾਰ ਦਾ ਭਗਤ ਅਤੇ ਉਪਕਾਰੀ ਸੱਜਨ ਸੀ "ਉਗ੍ਰਸੈਣ ਕਉ ਰਾਜ ਅਭੈ ਭਗਤਹ ਜਨ ਦੀਓ." (ਸਵੈਯੇ ਮਃ ੧. ਕੇ) "ਉਗ੍ਰਸੈਨ ਕੀ ਕੰਨਿਕਾ ਨਾਮ ਦੇਵਕੀ ਤਾਸ." (ਕ੍ਰਿਸਨਾਵ) ੨. ਰਾਜਾ ਪਰੀਛਤ (ਪਰੀਕਿਤ) ਦਾ ਇੱਕ ਪੁਤ੍ਰ। ੩. ਗੁਰੂ ਅਮਰਦੇਵ ਦਾ ਇੱਕ ਸਿੱਖ, ਜਿਸ ਨੂੰ ਜਗਤਗੁਰੂ ਨੇ ਵਿਦ੍ਯਾ ਅਤੇ ਧਰਮ ਪ੍ਰਚਾਰ ਦਾ ਉਪਦੇਸ਼ ਦਿੱਤਾ. "ਉਗ੍ਰਸੈਨ ਅਰੁ ਰਾਮੂ ਦੀਪਾ." (ਗੁਪ੍ਰਸੂ)
ماخذ: انسائیکلوپیڈیا