تعریف
ਸਿੰਧੀ. ਉਥਾੜੋ ਅਥਵਾ ਅਉਥਾੜੋ. [کابوُس] ਕਾਬੂਸ. Nightmare. ਦਾੱਬਾ.#ਇਹ ਰੋਗ ਮੇਦੇ ਵਿੱਚ ਬੋਝ ਹੋਣ ਤੋਂ ਅਤੇ ਦਿਮਾਗ ਦੀ ਕਮਜੋਰੀ ਤੋਂ ਹੁੰਦਾ ਹੈ. ਸੁੱਤੇ ਹੋਏ ਆਦਮੀ ਨੂੰ ਮਲੂਮ ਹੁੰਦਾ ਹੈ ਕਿ ਛਾਤੀ ਤੇ ਕੋਈ ਬੋਝ ਆਪਿਆ ਹੈ ਜਾਂ ਕਿਸੇ ਨੇ ਆਕੇ ਦੱਬ ਲਿਆ ਹੈ. ਸਾਹ ਰੁਕਦਾ ਮਲੂਮ ਹੁੰਦਾ ਹੈ, ਕਦੇ ਡਰਕੇ ਬੁਰੜਾਉਣ ਅਤੇ ਸ਼ੋਰ ਮਚਾਉਣ ਲਗਦਾ ਹੈ, ਉਥਾਰੇ ਦੇ ਰੋਗੀ ਨੂੰ ਤ੍ਰਿਵੀ (ਨਿਸੋਥ) ਦਾ ਜੁਲਾਬ ਦੇਕੇ ਦਿਲ ਦੀ ਤਾਕਤ ਅਤੇ ਹਾਜਮਾ ਠੀਕ ਕਰਨ ਲਈ ਦਵਾਈਆਂ ਵਰਤਣੀਆਂ ਚਾਹੀਏ. ਦੋ ਮਾਸ਼ੇ ਮਸਤਗੀ, ਦੋ ਮਾਸ਼ੇ ਮਿਸ਼ਰੀ ਪੀਹਕੇ ਗਾਂ, ਜਾਂ ਬਕਰੀ ਦੇ ਦੁੱਧ ਨਾਲ ਸਵੇਰ ਵੇਲੇ ਫੱਕੀ ਲੈਣੀ ਗੁਣਕਾਰੀ ਹੈ. ਇਹ ਫੱਕੀ, ਬਾਦਾਮ, ਛੋਟੀ ਇਲਾਇਚੀ, ਤੇ ਕਾਲੀ ਮਿਰਚਾਂ ਦੀ ਸਰਦਾਈ ਨਾਲ ਭੀ ਲਈ ਜਾ ਸਕਦੀ ਹੈ. ਰਾਤ ਨੂੰ ਸੌਣ ਵੇਲੇ ਹਰੜ ਦਾ ਮੁਰੱਬਾ ਖਾਣਾ ਚੰਗਾ ਹੈ. ਚਾਂਦੀ ਦੇ ਵਰਕ ਲਾਕੇ ਆਉਲੇ ਦਾ ਮੁਰੱਬਾ ਸਵੇਰ ਵੇਲੇ ਖਾਣਾ ਉੱਤਮ ਹੈ. ਸੰਗਤਰੇ ਅੰਗੂਰ ਅਨਾਰ ਆਦਿ ਫਲਾਂ ਦਾ ਸੇਵਨ ਬਹੁਤ ਅੱਛਾ ਹੈ. ਪਾਲਕ, ਮੂੰਗੀ ਦੀ ਦਾਲ, ਕੱਦ. ਤਿੱਤਰ ਆਦਿ ਸ਼ੋਰਵਾ (ਰਸਾ) ਪੱਥ ਹੈ.#ਉਥਾਰੇ ਦੇ ਰੋਗੀ ਨੂੰ ਨਸ਼ੇ ਵਾਲੀਆਂ ਚੀਜ਼ਾਂ, ਲਾਲ ਮਿਰਚ, ਮਾਸ, ਗੁੜ, ਤੇਲ ਦੀਆਂ ਚੀਜ਼ਾਂ, ਮੈਥੁਨ, ਭੈ, ਕ੍ਰੋਧ ਆਦਿ ਤੋਂ ਬਚਣਾ ਚਾਹੀਦਏ, "ਰੇ ਜਨ! ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ." (ਵਾਰ ਸੋਰ ਮਃ ੩) ਅਵਿਦ੍ਯਾ ਰੂਪ ਨੀਂਦ ਵਿੱਚ ਫਿਕਰਾਂ ਦੇ ਖੋਟੇ ਸੰਕਲਪ ਮਲੀਨ ਅੰਤਹਕਰਣ ਵਾਲਿਆਂ ਨੂੰ ਉਥਾਰੇ ਵਾਂਙ ਆ ਦਬਾਉਂਦੇ ਹਨ.
ماخذ: انسائیکلوپیڈیا