تعریف
ਜਿਲਾ ਗੁੱਜਰਾਂਵਾਲਾ ਦੀ ਤਸੀਲ ਵਿੱਚ ਇੱਕ ਨਗਰ, ਜੋ ਗੁੱਜਰਾਂਵਾਲੇ ਤੋਂ ਅੱਠ ਮੀਲ ਪੂਰਵ ਦੱਖਣ ਹੈ. ਇਸ ਦਾ ਪਹਿਲਾ ਨਾਉਂ 'ਸੈਦਪੁਰ' ਸੀ. ਸ਼ੇਰਸ਼ਾਹ ਨੇ ਇਸ ਨੂੰ ਤਬਾਹ ਕਰਕੇ ਨਵੀਂ ਆਬਾਦੀ ਦਾ ਨਾਉਂ ਸ਼ੇਰਗੜ੍ਹ ਰੱਖਿਆ. ਫੇਰ ਮੁਹ਼ੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਸ਼ੇਰਗੜ੍ਹ ਦਾ ਨਾਉਂ ਬਦਲਕੇ ਏਮਨਾਬਾਦ ਥਾਪਿਆ. ਸ਼੍ਰੀ ਗੁਰੂ ਨਾਨਕ ਦੇਵ ਸੈਦਪੁਰ ਵਿੱਚ ਭਾਈ ਲਾਲੋ ਤਖਾਣ ਸਿੱਖ ਦੇ ਘਰ ਕੁਝ ਕਾਲ ਵਿਰਾਜੇ ਹਨ. ਦੇਖੋ, ਭਾਗੂ ਮਲਿਕ.#ਕਿਤਨੇ ਵਿਦ੍ਵਾਨਾਂ ਦਾ ਖ਼ਿਆਲ ਹੈ ਕਿ ਸੰਮਤ ੧੫੭੮ ਵਿੱਚ ਗੁਰੂ ਨਾਨਕ ਦੇਵ ਨੇ ਜਦ ਬਾਬਰ ਤੋਂ ਸੈਦਪੁਰ ਦੇ ਵਸਨੀਕਾਂ ਨੂੰ ਗੁਲਾਮੀ ਤੋਂ ਛੁਡਵਾਕੇ ਜੰਗੀ ਕਾਨੂਨ ਤੋਂ ਅਮਾਨ ਦਿਵਾਈ, ਤਦ ਤੋਂ ਇਸ ਦਾ ਨਾਉਂ ਏਮਨਾਬਾਦ [ایمن آباد] ਹੋ ਗਿਆ ਹੈ. ਏਮਨਾਬਾਦ ਰੇਲਵੇ ਸਟੇਸ਼ਨ ਤੋਂ ਇਹ ਨਗਰ ੩. ਮੀਲ ਪੂਰਵ ਹੈ. ਏਮਨਾਬਾਦ ਵਿੱਚ ਇਹ ਗੁਰੁਦ੍ਵਾਰੇ ਹਨ-#(ੳ) ਖੂਹੀ ਭਾਈ ਲਾਲੋ ਕੀ. ਭਾਈ ਲਾਲੋ ਦੇ ਮਕਾਨ ਵਿੱਚ ਜੋ ਖੂਹੀ ਸੀ, ਇਸ ਦਾ ਜਲ ਗੁਰੂ ਨਾਨਕ ਦੇਵ ਛਕਦੇ ਅਤੇ ਇਸਨਾਨ ਲਈ ਵਰਤਦੇ ਰਹੇ.#(ਅ) ਚੱਕੀ ਸਾਹਿਬ. ਉਹ ਚੱਕੀ ਇੱਥੇ ਰੱਖੀ ਹੋਈ ਹੈ, ਜੋ ਸੈਦਪੁਰ ਦੇ ਕਤਲਾਮ ਵੇਲੇ ਆਮ ਕੈਦੀਆਂ ਵਿੱਚ ਫੜੇ ਗਏ ਗੁਰੂ ਨਾਨਕ ਦੇਵ ਨੂੰ ਦਾਣਾ ਪੀਹਣ ਲਈ ਦਿੱਤੀ ਗਈ ਸੀ. ਅਤੇ ਜਗਤਗੁਰੂ ਨੇ ਬਾਦਸ਼ਾਹ ਤੋਂ ਸਾਰੇ ਕੈਦੀ ਛੁਡਵਾਏ ਸਨ. ਇਸ ਅਸਥਾਨ ਨੂੰ ੧੪. ਘੁਮਾਉਂ ਜ਼ਮੀਨ ਹੈ. ਮੇਲਾ ਵੈਸਾਖੀ ਨੂੰ ਲਗਦਾ ਹੈ.#(ੲ) ਰੋੜੀ ਸਾਹਿਬ. ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਪੁਰ ਗੁਰੁਦ੍ਵਾਰਾ ਹੈ. ਇਸ ਥਾਂ ਗੁਰੂ ਨਾਨਕ ਦੇਵ ਰੋੜਾਂ ਦੇ ਆਸਨ ਤੇ ਵਿਰਾਜਕੇ ਧ੍ਯਾਨਪਰਾਇਣ ਹੁੰਦੇ ਸਨ. ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਹਜ਼ਾਰ ਰੁਪਯੇ ਸਾਲਾਨਾ ਜਾਗੀਰ ਹੈ, ਅਤੇ ਗੁਰੁਦ੍ਵਾਰੇ ਨੂੰ ੯. ਮੁਰੱਬੇ ਜ਼ਮੀਨ ਭੀ ਹੈ. ਦਰਬਾਰ ਅਤੇ ਰਿਹਾਇਸ਼ੀ ਮਕਾਨ ਸੁੰਦਰ ਬਣੇ ਹੋਏ ਹਨ. ਵੈਸਾਖੀ ਅਤੇ ਕੱਤਕ ਦੀ ਪੂਰਣਮਾਸੀ ਨੂੰ ਮੇਲਾ ਲਗਦਾ ਹੈ.
ماخذ: انسائیکلوپیڈیا