ਕਾਬਾ
kaabaa/kābā

تعریف

ਅ਼. [کعبہ] ਕਅ਼ਬਹ. ਅ਼ਰਬ ਦੇ ਮੱਕੇ ਸ਼ਹਿਰ ਵਿੱਚ ਮੁਸਲਮਾਨਾਂ ਦਾ ਧਰਮਮੰਦਿਰ, ਜੋ ਇਸਲਾਮੀ ਕਿਤਾਬਾਂ ਅਨੁਸਾਰ ਪਹਿਲਾਂ ਹਜਰਤ ਆਦਮ ਨੇ ਬਣਾਇਆ. ਨੂਹ ਵਾਲੇ ਤੂਫਾਨ ਵਿੱਚ ਇਹ ਡਿਗ ਪਿਆ, ਅਤੇ ਮੁੜ ਇਬਰਾਹੀਮ ਨੇ ਉਸਾਰਿਆ. ਫੇਰ ਕਈ ਵੇਰ ਡਿੱਗਾ ਅਤੇ ਬਣਿਆ. ਇੱਕ ਵੇਰ ਮੁਹ਼ੰਮਦ ਸਾਹਿਬ ਨੇ ਭੀ ਇਸ ਦੀ ਨਿਉਂ ਰੱਖੀ ਸੀ. ਦੇਖੋ, ਮੁਹੰਮਦ.#ਇਸ ਮੰਦਿਰ ਵਿੱਚ ਅਨੇਕ ਬੁਤਾਂ ਦੀ ਪੂਜਾ ਹੁੰਦੀ ਸੀ, ਜਿਨ੍ਹਾਂ ਨੂੰ ਹਜਰਤ ਮੁਹ਼ੰਮਦ ਨੇ ਬਾਹਰ ਕੱਢਿਆ.#ਸਨ ੧੦੪੦ ਵਿੱਚ ਰੂਮ ਦੇ ਉਸਮਾਨੀ ਪਾਤਸ਼ਾਹ "ਸੁਲਤਾਨ ਮੁਰਾਦ ਚੌਥੇ" ਨੇ ਕਾਬੇ ਨੂੰ ਨਵੇਂ ਸਿਰੇ ਬਣਾਇਆ ਜੋ ਹੁਣ ਤਕ ਕਾਇਮ ਹੈ.#ਇਸ ਮੰਦਿਰ ਦੀ ਪੂਰਵ ਵੱਲ ਦੀ ਬਾਹੀ ਜਿੱਧਰ ਦਰਵਾਜ਼ਾ ਹੈ ੩੩ ਗਜ ਲੰਮੀ ਹੈ। ਪੱਛਮ ਦੀ ੩੧ ਗਜ, ਉੱਤਰ ਦੀ ੨੨ ਅਤੇ ਦੱਖਣ ਦੀ ੨੦. ਗਜ ਹੈ. ਬੁਲੰਦੀ ੩੫ ਫੁਟ ਹੈ. ਚਿਣਾਈ ਭੂਰੇ ਰੰਗ ਦੇ ਪੱਥਰ ਦੀ ਚੂਨੇ ਨਾਲ ਹੋਈ ਹੈ. ਕੁਰਸੀ ਦੋ ਫੁੱਟ ਉੱਚੀ ਹੈ. ਛੱਤ ਚਪਟੀ ਹੈ. ਇਸ ਦਾ ਦਰਵਾਜ਼ਾ ਖ਼ਾਸ ਤਿਉਹਾਰਾਂ ਸਮੇਂ ਹੀ ਖੁਲਦਾ ਹੈ ਜਦ ਯਾਤ੍ਰੀ ਲੋਕ ਆਉਂਦੇ ਹਨ, ਨਹੀਂ ਤਾਂ ਬੰਦ ਰਹਿੰਦਾ ਹੈ. ਦੱਖਣ ਪੂਰਵ ਵੱਲ ਦਾ ਜੋ ਮੰਦਿਰ ਦਾ ਕੋਣਾ ਹੈ, ਉਸ ਵਿੱਚ ਜ਼ਮੀਨ ਤੋਂ ੫. ਫੁੱਟ ਉੱਚਾ "ਸੰਗੇ ਅਸਵਦ" (ਕਾਲਾ ਪੱਥਰ) ਜੜਿਆ ਹੋਇਆ ਹੈ, ਜਿਸ ਨੂੰ ਹਾਜੀ ਚੁੰਮਦੇ ਹਨ. ਦੱਖਣ ਦੇ ਕੋਣੇ ਵਿੱਚ ਇੱਕ ਹੋਰ ਪੱਥਰ ਹੈ, ਜਿਸ ਦਾ ਨਾਉਂ "ਰੁਕਨੁਲਯਮਾਨ" ਹੈ. ਇਸਨੂੰ ਯਾਤ੍ਰੀ ਲੋਕ ਸੱਜੇ ਹੱਥ ਨਾਲ ਛੁੰਹਦੇ ਹਨ. ਦਰਵਾਜ਼ੇ ਦੇ ਪਾਸ ਮੰਦਿਰ ਦੀ ਦੀਵਾਰ ਦੇ ਨਾਲ ਲਗਦਾ ਇੱਕ ਸੰਗਮਰਮਰ ਦੇ ਹਾਸ਼ੀਏ ਵਾਲਾ ਗਹਿਰਾ ਮਕਾਮ ਹੈ, ਜਿਸ ਉੱਪਰ ਤਿੰਨ ਆਦਮੀ ਖੜੇ ਹੋ ਸਕਦੇ ਹਨ. ਆਖਦੇ ਹਨ ਕਿ ਇਸ ਥਾਂ ਇਬਰਾਹੀਮ ਨੇ ਇਸਮਾਈਲ ਸਮੇਤ ਈਸ਼੍ਵਰ ਅੱਗੇ ਪ੍ਰਾਰਥਨਾ ਕੀਤੀ ਸੀ. ਕਾਬੇ ਦੇ ਚਾਰੇ ਪਾਸੇ ਪਰਕੰਮਿਆਂ (ਪਰਿਕ੍ਰਮਾ) ਲਈ ਖੁਲੀ ਤਾਂ ਹੈ ਅਤੇ ਸੁੰਦਰ ਵਲਗਣ (ਚਹਾਰਦੀਵਾਰੀ) ਹੈ. ਕਾਬੇ ਦਾ ਮੰਦਿਰ ਸਿਆਹ ਰੇਸ਼ਮੀ ਗਿਲਾਫ ਨਾਲ ਢਕਿਆ ਰਹਿੰਦਾ ਹੈ, ਜਿਸ ਉੱਤੇ ਕ਼ੁਰਾਨ ਦੀਆਂ ਆਯਤਾਂ ਲਿਖੀਆਂ ਹਨ.¹ "ਗੰਗ ਬਨਾਰਸ ਹਿੰਦੂਆਂ ਮੁੱਸਲਮਾਣਾ ਮੱਕਾ ਕਾਬਾ." (ਭਾਗੁ) "ਕਾਬਾ ਘਟ ਹੀ ਭੀਤਰਿ." (ਆਸਾ ਕਬੀਰ) ਦੇਖੋ, ਅਸਵਦ, ਇਬਰਾਹੀਮ ਹੱਜ, ਮੱਕਾ ਅਤੇ ਮੁਹੰਮਦ.
ماخذ: انسائیکلوپیڈیا