ਕਾਲਿਦਾਸ
kaalithaasa/kālidhāsa

تعریف

ਸੰਸਕ੍ਰਿਤ ਦਾ ਮਹਾਨ ਕਵਿ, ਜੋ ਬੰਗਾਲ ਅਹਾਤੇ ਦੇ ਮੁਰਸ਼ਿਦਾਬਾਦ ਜਿਲੇ ਵਿੱਚ ਸਿੰਗੀਗੋਡਾ ਪੰਚਥੂਪੀ ਦੇ ਮਕਾਮ ਪੈਦਾ ਹੋਇਆ. ਇਸ ਦੇ ਸਮੇਂ ਦਾ ਨਿਰਣਾ ਔਖਾ ਪ੍ਰਤੀਤ ਹੁੰਦਾ ਹੈ. ਅਨੇਕ ਵਿਦ੍ਵਾਨਾਂ ਨੇ ਕਾਲਿਦਾਸ ਨੂੰ ਈਸਵੀ ਪੰਜਵੀਂ ਸਦੀ ਵਿੱਚ ਅਤੇ ਕਈਆਂ ਨੇ ਇਸ ਤੋਂ ਭੀ ਪਹਿਲਾਂ ਹੋਣਾ ਦੱਸਿਆ ਹੈ. ਕਾਲਿਦਾਸ ਦੀ ਕਵਿਤਾ ਵਡੀ ਮਨੋਹਰ ਹੈ. ਇਸ ਨੂੰ ਭਾਰਤ ਦਾ ਕਵਿਰਾਜ ਕਹਿਣਾ ਅਤ੍ਯੁਕ੍ਤਿ ਨਹੀਂ ਹੈ. ਇਸ ਕਵਿਰਾਜ ਦੇ ਬਣਾਏ ਗ੍ਰੰਥ- ਸ਼ਕੁੰਤਲਾਨਾਟਕ, ਕੁਮਾਰ ਸੰਭਵ, ਨਲੋਦਯ, ਮਾਲਵਿਕਾਗਨੀਮਿਤ੍ਰ, ਰਘੁਵੰਸ਼, ਮੇਘਦੂਤ, ਵਿਕ੍ਰਮੋਰ੍‍ਵਸ਼ੀਯ ਆਦਿਕ ਜਿਨ੍ਹਾਂ ਨੇ ਪੜ੍ਹੇ ਹਨ ਉਹੀ ਇਸ ਦੀ ਚਮਤਕਾਰੀ ਬੁੱਧਿ ਦਾ ਅਨੁਭਵ ਕਰ ਸਕਦੇ ਹਨ. ਦਸਮਗ੍ਰੰਥ ਵਿੱਚ ਕਾਲਿਦਾਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ- "ਇਹ ਬ੍ਰਹਮ ਵੇਦਨਿਧਾਨ। ਦਸਅਸ੍ਟ ਸਾਸਤ੍ਰ ਪ੍ਰਮਾਨ। ਕਰ ਕਾਲਿਦਾਸਵਤਾਰ। ਰਘੁਕਾਵ੍ਯ ਕੀਨ ਸੁਧਾਰ।" (ਬ੍ਰਹਮਾਵ) ੨. ਇਸ ਨਾਉਂ ਦੇ ਹੋਰ ਭੀ ਕਈ ਸੰਸਕ੍ਰਿਤ ਦੇ ਕਵੀ ਹੋਏ ਹਨ.
ماخذ: انسائیکلوپیڈیا