ਕੰਗਮਾਈ
kangamaaee/kangamāī

تعریف

ਇਹ ਇੱਕ ਛੋਟਾ ਜਿਹਾ ਪਿੰਡ, ਜਿਲਾ, ਤਸੀਲ ਹੁਸ਼ਿਆਰਪੁਰ, ਥਾਣਾ ਹਰਿਆਣਾ ਵਿੱਚ ਹੈ. ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਵਾਯਵੀ ਕੋਣ ੧੧. ਮੀਲ ਹੈ. ਹਰਿਆਣੇ ਤੀਕ ਪੱਕੀ ਸੜਕ ਹੈ, ਅੱਗੇ ਦੋ ਮੀਲ ਕੱਚਾ ਰਸਤਾ ਹੈ. ਇਸ ਪਿੰਡ ਵਿੱਚ ਭਾਈ ਮੰਞ ਜੀ ਦਾ ਅਸਥਾਨ ਹੈ, ਜਿਸ ਥਾਂ ਗੁਰੂ ਅਰਜਨ ਦੇਵ ਨੇ ਭੀ ਚਰਣ ਪਾਏ ਹਨ.#ਭਾਈ ਮੰਞ ਜੀ ਇਸ ਇਲਾਕੇ ਦੇ ਮੰਞ ਰਾਜਪੂਤ ਖ਼ਾਨਦਾਨ ਵਿੱਚੋਂ ਸਨ ਅਤੇ ਸਖੀਸਰਵਰ ਦੇ ਪ੍ਰਸਿੱਧ ਉਪਾਸਕ ਸਨ. ਇਨ੍ਹਾਂ ਦਾ ਨਾਉਂ "ਤੀਰਥਾ" ਸੀ.#ਸੰਮਤ ੧੬੪੨ ਨੂੰ ਗੁਰੂ ਅਰਜਨ ਦੇਵ ਤੋਂ ਭਾਈ ਤੀਰਥੇ (ਮੰਞ) ਨੇ ਸਿੱਖਧਰਮ ਗ੍ਰਹਿਣ ਕੀਤਾ ਅਤੇ ਸਿੱਖੀ ਸਿਦਕ ਦਾ ਅਜੇਹਾ ਨਮੂਨਾ ਦੱਸਿਆ, ਜਿਸ ਦਾ ਹਾਲ ਸੁਣਕੇ ਰੋਮਾਂਚ ਹੁੰਦਾ ਹੈ.#ਆਪ ਇੱਕ ਵੇਰ ਅੰਧੇਰੀ (ਹਨੇਰੀ) ਦੇ ਕਾਰਣ ਲੰਗਰ ਦੀਆਂ ਲੱਕੜਾਂ ਸਮੇਤ ਸੁਲਤਾਨਵਿੰਡ ਦੇ ਖੂਹ ਵਿੱਚ ਡਿਗ ਪਏ, ਜਿਸ ਪੁਰ ਪ੍ਰੇਮਡੋਰ ਦੇ ਖਿੱਚੇ ਗੁਰੁ ਅਰਜਨ ਦੇਵ ਜੀ ਉਸ ਥਾਂ ਪਹੁੰਚੇ ਅਤੇ ਭਾਈ ਸਾਹਿਬ ਨੂੰ ਖੂਹ ਤੋਂ ਕੱਢਕੇ ਛਾਤੀ ਨਾਲ ਲਾਇਆ ਅਤੇ ਵਚਨ ਕੀਤਾ-#"ਮੰਞ ਪਿਆਰਾ ਗੁਰੂ ਨੂੰ, ਗੁਰੂ ਮੰਞ ਪਿਆਰਾ,#ਮੰਞ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ."¹#ਸਤਿਗੁਰੂ ਨੇ ਪੂਰੀ ਪਰੀਖ੍ਯਾ ਕਰਨ ਪਿੱਛੋਂ ਭਾਈ ਮੰਞ ਜੀ ਨੂੰ ਦੁਆਬੇ ਦਾ ਪ੍ਰਚਾਰਕ ਥਾਪਿਆ. ਇਸ ਮਹਾਤਮਾ ਨੇ ਦੇਗ ਦੇ ਸਾਥ ਹੀ ਨਾਮ ਦਾ ਸਦਾਵ੍ਰਤ ਲਾਕੇ ਦੇਸ਼ ਕ੍ਰਿਤਾਰਥ ਕੀਤਾ.#ਸੰਮਤ ੧੬੫੧ ਵਿੱਚ ਸਤਿਗੁਰੂ ਨੇ ਕੰਗਮਾਈ ਨੂੰ ਚਰਣ ਪਾਕੇ ਪਵਿਤ੍ਰ ਕੀਤਾ, ਜਿਸ ਤੋਂ ਭਾਈ ਮੰਞ ਨੇ ਆਪਣੀ ਸੇਵਾ ਸਫਲ ਜਾਣੀ. ਭਾਈ ਮੰਞ ਜੀ ਦੀ ਸਮਾਧਿ ਇਸ ਥਾਂ ਹੈ ਅਤੇ ਇੱਥੇ ਹੀ ਗੁਰੂ ਅਰਜਨ ਦੇਵ ਦਾ ਗੁਰਦ੍ਵਾਰਾ ਹੈ.#ਪਹਿਲਾਂ ਪਿੰਡ ਮਾਛੀਆਂ, ਗ੍ਰੰਥਪੁਰ, ਤੇ ਕੰਗ ਦੀ ਸਾਰੀ ਜ਼ਮੀਨ ਇਸ ਗੁਰਦ੍ਵਾਰੇ ਦੇ ਨਾਉਂ ਸੀ, ਪਰ ਹੁਣ ਕੋਈ ਜ਼ਮੀਨ ਜਾਗੀਰ ਨਹੀਂ ਹੈ, ਕੇਵਲ ਸਾਧਸੰਗਤਿ ਦੇ ਚੜ੍ਹਾਵੇ ਨਾਲ ਲੰਗਰ ਚਲਦਾ ਹੈ. ਇਸ ਇਲਾਕੇ ਦੇ ਲੋਕ ਬਹੁਤ ਪ੍ਰੇਮ ਨਾਲ ਦਰਸ਼ਨ ਕਰਨ ਆਉਂਦੇ ਹਨ.#ਵਡਾ ਮੇਲਾ ਪਹਿਲੀ ਮਾਘ ਨੂੰ ਲਗਦਾ ਹੈ, ਸਾਧਾਰਣ ਜੋੜਮੇਲ ਹਰ ਸੰਗਰਾਂਦ ਹੁੰਦੇ ਹਨ.
ماخذ: انسائیکلوپیڈیا