ਖਟਕਰਮ
khatakarama/khatakarama

تعریف

ਸੰ. षट्कर्म्मन् ਸੰਗ੍ਯਾ- ਛੀ ਕਰਮ. "ਕਰਿ ਕਿਰਿਆ ਖਟਕਰਮ ਕਰੰਤਾ." (ਸੋਪੁਰਖੁ) ਮਨੁਸਿਮ੍ਰਿਤੀ ਅਨੁਸਾਰ ਬ੍ਰਾਹਮਣ ਦੇ ਛੀ ਕਰਮ ਇਹ ਹਨ- ਪੜ੍ਹਨਾ, ਪੜ੍ਹਾਉਣਾ, ਯਗ੍ਯ ਕਰਨਾ, ਯਗ੍ਯ ਕਰਾਉਣਾ, ਦਾਨ ਦੇਣਾ, ਦਾਨ ਲੈਣਾ.#(अध्ययन, अध्यापन, यजन, याजन, दान, प्रतिग्रह)¹#ਮਨੁ ਨੇ ਛੀ ਕਰਮ ਇਹ ਭੀ ਲਿਖੇ ਹਨ- ਵੇਦ ਦਾ ਅਭ੍ਯਾਸ, ਤਪ, ਗ੍ਯਾਨ, ਇੰਦ੍ਰੀਆਂ ਕਾਬੂ ਕਰਨੀਆਂ, ਅਹਿੰਸਾ ਅਤੇ ਗੁਰੂ ਦੀ ਸੇਵਾ।²#੨. ਯੋਗਮਤ ਅਨੁਸਾਰ ਖਟਕਰਮ ਇਹ ਹਨ-#(ੳ) ਧੌਤੀ. ਚਾਰ ਉਂਗਲ ਚੌੜੀ ਪੰਦ੍ਰਾ ਹੱਥ ਲੰਮੀ ਬਾਰੀਕ ਵਸਤ੍ਰ ਦੀ ਪੱਟੀ, ਕੋਸੇ ਪਾਣੀ ਨਾਲ ਭਿਉਂਕੇ ਇੱਕ ਇੱਕ ਹੱਥ ਰੋਜ਼ ਨਿਗਲਣ ਦਾ ਅਭ੍ਯਾਸ ਕਰਨਾ ਅਤੇ ਪੰਦ੍ਰਾਂ ਦਿਨਾਂ ਵਿੱਚ ਪੰਦ੍ਰਾਂ ਹੱਥ ਨਿਗਲ ਲੈਣੀ, ਪਿਛਲਾ ਕਿਨਾਰਾ ਦੰਦਾਂ ਵਿੱਚ ਮਜਬੂਤ ਫੜ ਰੱਖਣਾ ਅਤੇ ਪੱਟੀ ਨੂੰ ਹੌਲੀ ਹੌਲੀ ਬਾਹਰ ਕੱਢਣਾ. ਅਜੇਹਾ ਕਰਣ ਨਾਲ ਆਂਦਰਾਂ (ਅੰਤੜੀ) ਦੀ ਸਫਾਈ ਹੁੰਦੀ ਹੈ.#(ਅ) ਨੇਤ੍ਰੀ. ਇੱਕ ਗਿੱਠ ਲੰਮਾ ਸੂਤ ਦਾ ਡੋਰਾ ਬਾਰੀਕ ਅਤੇ ਮੁਲਾਇਮ ਲੈ ਕੇ ਨੱਕ ਵਿੱਚ ਚੜ੍ਹਾਉਣਾ, ਅਰ ਉਸ ਦਾ ਇੱਕ ਸਿਰਾ ਮੂੰਹ ਦੇ ਰਸਤੇ ਕੱਢਣਾ ਅਤੇ ਦੋਵੇਂ ਸਿਰੇ ਫੜਕੇ ਹੌਲੀ ਹੌਲੀ ਨੱਕ ਅਤੇ ਕੰਠ ਦੀ ਸਫਾਈ ਕਰਨੀ.#(ੲ) ਨੌਲਿ (ਨਿਉਲੀ). ਦੋਵੇਂ ਕੰਨ੍ਹੇ ਨੀਵੇਂ ਕਰਕੇ ਪਿੱਠ ਦਾ ਵਲ ਕੱਢਕੇ ਸਿੱਧੇ ਬੈਠਣਾ, ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਸੱਜੇ ਖੱਬੇ ਉੱਪਰ ਹੇਠ ਇਸ ਤਰਾਂ ਚਲਾਇਮਾਨ ਕਰਨਾ, ਜਿਵੇਂ ਮਧਾਣੀ ਦੇ ਫਿਰਣ ਤੋਂ ਮਟਕੇ ਵਿੱਚ ਦਹੀਂ ਦੀ ਹਾਲਤ ਹੁੰਦੀ ਹੈ.#(ਸ) ਵਸਤੀ. ਨਾਭੀ ਤਕ ਪਾਣੀ ਵਿੱਚ ਬੈਠਕੇ ਛੀ ਉਂਗਲ ਦੀ ਲੰਮੀ, ਉਂਗਲ ਜਿਤਨੀ ਮੋਟੀ ਥੋਥੀ ਬਾਂਸ ਦੀ ਨਲਕੀ ਲੈ ਕੇ ਚਾਰ ਉਂਗਲ ਗੁਦਾ ਵਿੱਚ ਚੜ੍ਹਾਉਣੀ ਅਤੇ ਪ੍ਰਾਣਾਂ ਦੇ ਬਲ ਨਾਲ ਉਸ ਰਾਹੀਂ ਜਲ ਖਿੱਚਕੇ ਅੰਤੜੀ ਸਾਫ ਕਰਨੀ.#(ਹ) ਤ੍ਰਾਟਕ. ਨੇਤ੍ਰਾਂ ਦੀ ਟਕ ਕਿਸੇ ਖਾਸ ਚਿੰਨ੍ਹ ਉੱਤੇ ਲਾਕੇ ਉਸ ਵੇਲੇ ਤਾਂਈ ਇੱਕਰਸ ਦੇਖਦੇ ਰਹਿਣਾ, ਜਦੋਂ ਤਕ ਨੇਤ੍ਰਾਂ ਵਿੱਚ ਜਲ ਆਕੇ ਨਜਰ ਥਕ ਨਾ ਜਾਵੇ.#(ਕ) ਭਸ੍ਰਾ (ਕਪਾਲਭਾਤਿ). ਲੁਹਾਰ ਦੀ ਧੌਂਕਣੀ ਵਾਕਰ ਰੇਚਕ ਪੂਰਕ ਦੇ ਅਭ੍ਯਾਸ ਨਾਲ ਪ੍ਰਾਣਾਂ ਨੂੰ ਬਾਰ ਬਾਰ ਚੜ੍ਹਾਉਣਾ ਉਤਾਰਨਾ।#੩. ਤੰਤ੍ਰਸ਼ਾਸ੍‍ਤ੍ਰ ਅਨੁਸਾਰ ਛੀ ਕਰਮ ਇਹ ਹਨ:-#ਸ਼ਾਂਤਿ, ਵਸ਼ਿਕਰਣ, ਸ੍‌ਤੰਭਨ, ਵਿਦ੍ਵੇਸਣ, ਉੱਚਾਟਨ ਅਤੇ ਮਾਰਣ।#੩. ਅਤ੍ਰਿ ਰਿਖਿ ਛੀ ਕਰਮ ਇਹ ਲਿਖਦਾ ਹੈ-#ਜਪ, ਤਪ, ਤੀਰਥਯਾਤ੍ਰਾ, ਦੇਵਪੂਜਨ, ਮੰਤ੍ਰਸਾਧਨ, ਸੰਨ੍ਯਾਸ।#੫. ਪਾਰਾਸ਼ਰ ਸਿਮ੍ਰਿਤੀ ਵਿੱਚ ਖਟ ਕਰਮ ਇਹ ਦੱਸੇ ਹਨ-#ਸੰਧ੍ਯਾ, ਸਨਾਨ, ਜਪ, ਹਵਨ, ਵੇਦਪਾਠ ਅਤੇ ਦੇਵਪੂਜਨ.
ماخذ: انسائیکلوپیڈیا