تعریف
ਜ਼ਿਲਾ ਲਹੌਰ ਥਾਣਾ ਬਰਕੀ ਵਿੱਚ ਜਿਮੀਦਾਰ ਸਿੰਘਾਂ ਦਾ ਇੱਕ ਪਿੰਡ ਹੈ. ਇਸ ਤੋਂ ਨੈਰਤ ਕੋਣ ਅੱਧ ਮੀਲ ਦੇ ਕਰੀਬ ਸਤਿਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ "ਜਾਹਮਣ" ਤੋਂ ਚੱਲਕੇ ਇੱਥੇ ਆਏ ਹਨ. ਇਸੇ ਨੂੰ "ਲਹੂੜਾ ਸਾਹਿਬ" ਕਈਆਂ ਨੇ ਲਿਖਿਆ ਹੈ, ਕਿਉਂਕਿ ਉਸ ਵੇਲੇ ਲਹੂੜੇ ਦਾ ਦਰਖ਼ਤ ਇੱਥੇ ਸੀ, ਜਿਸ ਹੇਠ ਗੁਰੂ ਸਾਹਿਬ ਵਿਰਾਜੇ ਸਨ. ਉਸ ਵੇਲੇ ਇੱਥੇ ਵਣਜਾਰਿਆਂ ਦੀ ਬਸਤੀ ਸੀ. ਪਿੰਡ ਦੇ ਇੱਕ ਵਣਜਾਰੇ ਦੇ ਘਰ ਲੜਕਾ ਪੈਦਾ ਹੋਇਆ, ਜਿਸ ਪੁਰ ਸਭ ਖ਼ੁਸ਼ੀਆਂ ਕਰ ਰਹੇ ਸਨ. ਭਾਈ ਮਰਦਾਨੇ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ! ਮੈਂ ਦੋ ਦਿਨਾਂ ਤੋਂ ਭੁੱਖਾ ਹਾਂ ਜੇ ਹੁਕਮ ਦੇਓ ਤਾਂ ਪਿੰਡ ਵਿੱਚੋਂ ਰੋਟੀ ਖਾ ਆਵਾਂ. ਗੁਰੂ ਸਾਹਿਬ ਨੇ ਫਰਮਾਇਆ ਕਿ ਮਰਦਾਨਿਆਂ ਚਲਾ ਤਾਂ ਭਾਵੇਂ ਜਾਹ, ਪਰ ਮੂੰਹ ਤੋਂ ਮੰਗਕੇ ਰੋਟੀ ਨਾ ਖਾਵੀਂ. ਮਰਦਾਨਾ ਚਿਰ ਤੀਕ ਵਣਜਾਰਿਆਂ ਦੇ ਦਰ ਬੈਠਾ, ਪਰ ਉਹ ਇਤਨੀ ਖ਼ੁਸ਼ੀ ਵਿੱਚ ਸਨ ਕਿ ਭਾਈ ਮਰਦਾਨੇ ਵੱਲ ਨਿਗਾਹ ਨਾ ਕੀਤੀ.#ਕਰਤਾਰ ਦਾ ਭਾਣਾ ਐਸਾ ਹੋਇਆ ਕਿ ਉਹ ਲੜਕਾ ਚਲਾਣਾ ਕਰ ਗਿਆ ਅਤੇ ਸਭ ਰੋਣ ਪਿੱਟਣ ਲੱਗ ਪਏ. ਸਤਿਗੁਰੂ ਨੇ ਉਨ੍ਹਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਅਤੇ ਸ਼੍ਰੀ ਰਾਗ ਵਿੱਚ ਸ਼ਬਦ ਉੱਚਾਰਣ ਕੀਤੇ, ਜਿਨ੍ਹਾਂ ਦਾ ਸਿਰਲੇਖ 'ਪਹਰੇ' ਹੈ.#ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ, ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ੨੦. ਵਿੱਘੇ ਜ਼ਮੀਨ ਦਰਬਾਰ ਨਾਲ ਹੈ. ਸ਼੍ਰਾੱਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ "ਜੱਲੋ" ਤੋਂ ਨੈਰਤ ਕੋਣ ਗਿਆਰਾਂ ਮੀਲ ਦੇ ਕਰੀਬ ਹੈ.
ماخذ: انسائیکلوپیڈیا