ਘੁੱਕੇਵਾਲੀ
ghukayvaalee/ghukēvālī

تعریف

ਜਿਲਾ ਅਮ੍ਰਿਤਸਰ, ਤਸੀਲ ਥਾਣਾ ਅਜਨਾਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ੧੫. ਮੀਲ ਉੱਤਰ ਹੈ. ਰਾਜਾਸਾਂਸੀ ਤੀਕ ਪੱਕੀ ਸੜਕ ਹੈ, ਅੱਗੇ ਚਾਰ ਮੀਲ ਕੱਚਾ ਰਸਤਾ ਹੈ. ਇੱਥੇ ਦੋ ਗੁਰਦ੍ਵਾਰੇ ਹਨ, ਜੋ ਪਹਿਲਾਂ ਪਿੰਡ 'ਸਹਿੰਸਰੇ' ਵਿੱਚ ਸਨ.#(੧) ਗੁਰੂ ਕਾ ਬਾਗ, ਸ਼੍ਰੀ ਗੁਰੂ ਅਰਜਨ ਦੇਵ ਨੂੰ ਸਹਿੰਸਰੇ ਦੀ ਸੰਗਤਿ ਪ੍ਰੇਮਭਾਵ ਨਾਲ ਇੱਥੇ ਲੈ ਆਈ ਸੀ. ਗੁਰੂ ਸਾਹਿਬ ਕਈ ਦਿਨ ਰਹੇ. ਦਰਬਾਰ ਬਹੁਤ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ. ਗੁਰਦ੍ਵਾਰੇ ਨਾਲ ਸੌ ਘੁਮਾਉਂ ਜ਼ਮੀਨ ਹੈ, ਜਿਸ ਵਿੱਚ ਇੱਕ ਬਾਗ ਹੈ. ਇਹ ਬਾਗ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਲਗਵਾਇਆ ਸੀ. ਪਹਿਲਾਂ ਇਸ ਗੁਰਅਸਥਾਨ ਦਾ ਨਾਉਂ 'ਗੁਰੂ ਕੀ ਰੌੜ' ਸੀ. ਹਰ ਪੂਰਨਮਾਸ਼ੀ ਅਤੇ ਅਮਾਵਸ ਨੂੰ ਮੇਲਾ ਹੁੰਦਾ ਹੈ. ਇਸੇ ਥਾਂ ਲੰਗਰ ਲਈ ਲੱਕੜਾਂ ਕੱਟਣ ਪੁਰ ਝਗੜਾ ਹੋਕੇ ਇਤਨੀ ਤਵਾਲਤ ਹੋਈ ਕਿ ਸ਼ਿਰੋਮਣੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਨੂੰ ੧੨. ਅਗਸਤ ਸਨ ੧੯੨੨ ਨੂੰ ਭਾਰੀ ਮੋਰਚਾ ਲਾਉਣਾ ਪਿਆ, ਜੋ ੧੭. ਨਵੰਬਰ ਸਨ ੧੯੨੨ ਨੂੰ ਸਮਾਪਤ ਹੋਇਆ#(੨) ਪਿੰਡ ਤੋਂ ਦੱਖਣ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਵੱਲੇ ਤੋਂ ਆਕੇ ਇੱਥੇ ਕੁਝ ਕਾਲ ਰਹੇ. ਉਸੇ ਵੇਲੇ ਗੁਰੂ ਕੀ ਰੌੜ ਵਿੱਚ ਬਾਗ਼ ਲਾਉਣ ਦੀ ਸੰਗਤਿ ਨੂੰ ਆਗ੍ਯਾ ਦਿੱਤੀ.
ماخذ: انسائیکلوپیڈیا