تعریف
ਰਾਜ ਨਾਭਾ ਦੀ ਨਜਾਮਤ ਫੂਲ ਦਾ ਇੱਕ ਪਿੰਡ, ਜੋ ਭਟਿੰਡਾ ਫ਼ਿਰੋਜ਼ਪੁਰ ਰੇਲਵੇ ਲੈਨ ਪੁਰ ਹੈ. ਇਸ ਥਾਂ ਕ਼ਿਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਸ ਦੀ ਸੁੰਦਰ ਇਮਾਰਤ ਬਣਵਾਈ ਹੈ. ਗੁਰਦ੍ਵਾਰੇ ਪਾਸ ਦੇ ਤਾਲ ਦਾ ਨਾਮ "ਗੰਗਸਰ" ਹੈ. ਇਸ ਗੁਰਅਸਥਾਨ ਨਾਲ ੭੦ ਘੁਮਾਉਂ ਜ਼ਮੀਨ ਅਤੇ ੪੩੨ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ੧੮. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੋਹ ਸੁਦੀ ੭. ਅਤੇ ਕੱਤਕ ਪੂਰਨਮਾਸ਼ੀ ਨੂੰ ਮੇਲਾ ਹੁੰਦਾ ਹੈ.#ਇਸ ਗੁਰਦ੍ਵਾਰੇ ੧੪. ਸਿਤੰਬਰ ਸਨ ੧੯੨੩ ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਕਰਮਚਾਰੀਆਂ ਦੀ ਗਲਤਫ਼ਹਿਮੀ ਤੋਂ ਮਾਮਲਾ ਇੰਨਾਂ ਵਧਿਆ ਕਿ ੨੧. ਫਰਵਰੀ ਸਨ ੧੯੨੪ ਨੂੰ ਕਈ ਜਾਨਾਂ ਦਾ ਨੁਕਸਾਨ ਹੋਇਆ. ਅੰਤ ਨੂੰ ੨੧. ਜੁਲਾਈ ਸਨ ੧੯੨੫ ਨੂੰ ੧੦੧ ਅਖੰਡ ਪਾਠ ਆਰੰਭੇ ਗਏ ਅਤੇ ੬. ਅਗਸਤ ਨੂੰ ਭੋਗ ਪੈ ਕੇ ਸ਼ਾਂਤਿ ਹੋਈ.#ਜੈਤੋ ਤੋਂ ਡੇਢ ਮੀਲ ਉੱਤਰ ਵੱਲ "ਟਿੱਬੀ ਸਾਹਿਬ" ਗੁਰਦ੍ਵਾਰਾ ਹੈ. ਇਸ ਥਾਂ ਕਲਗੀਧਰ ਸੰਝ ਸਮੇਂ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ. ਇਸ ਗੁਰਦ੍ਵਾਰੇ ਨਾਲ ਅੱਠ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ.#ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ, ਇਸ ਥਾਂ ਦੂਰ ਦੂਰ ਦੇ ਲੋਕ ਪਸ਼ੂ ਖ਼ਰੀਦਣ ਆਉਂਦੇ ਹਨ. ਜੈਤੋ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਭੀ ਸਟੇਸ਼ਨ ਹੈ. ਜੈਤੋ ਲਹੌਰੋਂ ੯੬ ਅਤੇ ਭਟਿੰਡੇ ਤੋਂ ੧੭. ਮੀਲ ਹੈ.
ماخذ: انسائیکلوپیڈیا