ਥੰਭ ਸਾਹਿਬ
thanbh saahiba/dhanbh sāhiba

تعریف

ਉਹ ਥਮਲਾ, ਜਿਸ ਨਾਲ ਸਤਗੁਰਾਂ ਦਾ ਕੋਈ ਸੰਬੰਧ ਹੈ. (੨) ਕਰਤਾਰਪੁਰ ਵਿੱਚ ਉਹ ਅਸਥਾਨ, ਜਿੱਥੇ ਦੀਵਾਨ ਦਾ ਕਮਰਾ ਬਣਾਉਣ ਸਮੇਂ ਗੁਰੂ ਅਰਜਨਦੇਵ ਨੇ ਟਾਲ੍ਹੀ ਦਾ ਥੰਭਾ ਲਾਇਆ ਸੀ. ਦੇਖੋ, ਕਰਤਾਰਪੁਰ ੨. (ਅ). (੩) ਗੋਇੰਦਵਾਲ ਉਹ ਸ੍ਤੰਭ, ਜਿਸ ਨੂੰ ਫੜਕੇ ਬਾਲ੍ਯ ਅਵਸਥਾ ਵਿੱਚ ਗੁਰੂ ਅਰਜਨਦੇਵ ਖੜੇ ਹੋਇਆ ਕਰਦੇ ਸਨ. ਦੇਖੋ, ਗੋਇੰਦਵਾਲ ੪। (੪) ਦੇਖੋ, ਜੰਬਰ। (੫) ਡੁਮੇਲੀ (ਰਿਆਸਤ ਕਪੂਰਥਲਾ, ਤਸੀਲ ਫਗਵਾੜਾ) ਦੀ ਆਬਾਦੀ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ. ਇੱਥੇ ਚੁਕੋਣਾ ਥਮਲਾ ਪੰਜ ਫੁੱਟ ਉੱਚਾ ਹੈ, ਜਿਸ ਨੂੰ ਥੰਮ ਜੀ ਆਖਦੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ੨੫ ਘੁਮਾਉਂ ਜ਼ਮੀਨ ਤਿੰਨ ਖੂਹਾਂ ਸਮੇਤ ਰਿਆਸਤ ਕਪੂਰਥਲੇ ਵੱਲੋਂ ਹੈ. ਰੇਲਵੇ ਸਟੇਸ਼ਨ ਫਗਵਾੜੇ ਤੋਂ ਹੁਸ਼ਿਆਰਪੁਰ ਵਾਲੀ ਸੜਕ ਪੁਰ ਦਸ ਮੀਲ ਹੈ। (੬) ਜਿਲਾ, ਤਸੀਲ, ਥਾਣਾ ਅਮ੍ਰਿਤਸਰ ਦੇ ਪਿੰਡ ਉੱਦੋਕੇ ਦੀ ਆਬਾਦੀ ਵਿੱਚ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ ਹੈ. ਜੋ ਕੱਥੂਨੰਗਲ ਰੇਲਵੇ ਸਟੇਸ਼ਨ ਤੋਂ ਚਾਰ ਮੀਲ ਚੜ੍ਹਦੇ ਵੱਲ ਹੈ. ਇੱਥੇ ਇੱਕ ਪ੍ਰੇਮੀ ਦੇ ਘਰ ਗੁਰੂ ਸਾਹਿਬ ਨੌ ਦਿਨ ਵਿਰਾਜੇ ਹਨ. ਜਿਸ ਥਮਲੇ ਨਾਲ ਸਹਾਰਾ ਲੈਕੇ ਸਤਿਗੁਰੂ ਬੈਠਦੇ ਸਨ, ਉਸ ਦੇ ਨਾਮ ਤੇ ਗੁਰਦ੍ਵਾਰੇ ਦਾ ਨਾਮ ਥੰਭ ਸਾਹਿਬ ਹੋਗਿਆ ਹੈ. ਗੁਰਦ੍ਵਾਰੇ ਨਾਲ ਕ਼ਰੀਬ ਸੌ ਵਿੱਘੇ ਜ਼ਮੀਨ ਹੈ. (੭) ਦੇਖੋ, ਖੇਮਕਰਨ. ×××
ماخذ: انسائیکلوپیڈیا