ਦਾਰਾਸ਼ਿਕੋਹ
thaaraashikoha/dhārāshikoha

تعریف

[داراشکوہ] ਮੁਮਤਾਜ਼ ਮਹਲ ਦੇ ਉਦਰ ਤੋਂ ਸ਼ਾਹਜਹਾਂ ਦਾ ਵਡਾ ਪੁਤ੍ਰ, ਜਿਸ ਦਾ ਜਨਮ ੨੦. ਮਾਰਚ ਸਨ ੧੬੧੫ ਨੂੰ ਹੋਇਆ. ਇਸ ਦਾ ਵਿਆਹ ਸਨ ੧੬੩੭ ਵਿੱਚ ਨਾਦਿਰਾ ਬੇਗਮ ਨਾਲ ਹੋਇਆ. ਇਹ ਪਤਿਵ੍ਰਤਾ ਬੇਗਮ ਆਪਣੇ ਪਤੀ ਨਾਲ ਹੋਕੇ ਸੁਖ ਦੁਖ ਵੰਡਾਉਂਦੀ ਰਹੀ. ਸਨ ੧੬੪੮ ਵਿੱਚ ਦਾਰਾ ਗੁਜਰਾਤ ਦਾ ਸੂਬਾ ਮੁਕੱਰਿਰ ਹੋਇਆ ਅਤੇ ਸਨ ੧੬੫੨ ਤਕ ਰਿਹਾ. ਇਹ ਆਪਣੇ ਪਿਤਾ (ਸ਼ਾਹਜਹਾਨ) ਵੱਲੋਂ ਹੋਕੇ ਔਰੰਗਜ਼ੇਬ ਨਾਲ ਲੜਿਆ ਅਤੇ ਮਈ ੨੯, ਸਨ ੧੬੫੮ ਨੂੰ ਸਾਮੂਗੜ੍ਹ (ਆਗਰੇ ਤੋਂ ਅੱਠ ਮੀਲ ਪੂਰਬ ਵੱਲ) ਦੇ ਮੈਦਾਨ ਵਿੱਚ ਹਾਰ ਖਾਧੀ. ਭਜਦੇ ਹੋਏ ਦਾਰਾਸ਼ਕੋਹ ਦਾ ਔਰੰਗਜ਼ੇਬ ਨੇ ਪਿੱਛਾ ਕੀਤਾ. ਜਦ ਬਿਆਸ (ਵਿਆਸ) ਦੇ ਲਾਗੇ ਪਹੁਚੇ, ਤਾਂ ਗੁਰੂ ਹਰਿਰਾਇ ਸਾਹਿਬ ਨੇ ਬਾਈ ਸੌ ਸਵਾਰਾਂ ਨੇ ਦਾਰੇ ਨੂੰ ਬਚਾਉਣ ਲਈ ਦਰਿਆ ਦਾ ਕੰਢਾ ਰੋਕੀ ਰੱਖਿਆ ਅਤੇ ਔਰੰਗਜ਼ੇਬ ਦੀ ਫੌਜ ਨੂੰ ਵਧਣ ਨਾ ਦਿੱਤਾ. ਇਤਨੇ ਵਿੱਚ ਦਾਰਾ ਮੁਲਤਾਨ ਵੱਲ ਨਿਕਲ ਗਿਆ. ਬਹੁਤ ਥਾਈਂ ਭੌਂਦਾ ਹੋਇਆ ਅੰਤ ਦਾਦਰ (ਦਰਾ ਬੋਲਾਨ) ਦੇ ਪਾਸ ਧੋਖੇਬਾਜ਼ ਸਰਦਾਰ ਜੀਵਨਮੱਲ ਦੇ ਰਾਹੀਂ ਫੜਿਆ ਗਿਆ ਅਤੇ ਕੈਦੀ ਦੀ ਦਸ਼ਾ ਵਿੱਚ ਦਿੱਲੀ ਲਿਆਂਦਾ ਗਿਆ. ੨੯ ਅਗਸਤ ਨੂੰ ਔਰੰਗਜ਼ੇਬ ਦੇ ਇਸ਼ਾਰੇ ਨਾਲ ਇਸ ਤੇ ਕਾਫ਼ਰ ਹੋਣ ਦਾ ਫ਼ਤਵਾ ਦਿੱਤਾ ਗਿਆ ਅਰ ੩੦ ਅਗਸਤ ੧੬੫੯ ਦੀ ਰਾਤ ਨੂੰ ਦਾਰਾਸ਼ਕੋਹ ਦਾ ਸਿਰ ਵੱਢਿਆ ਜਾਕੇ ਹੁਮਾਯੂੰ ਦੇ ਮਕਬਰੇ ਵਿੱਚ ਦੱਬਿਆ ਗਿਆ.#ਦਾਰਾ ਸੂਫ਼ੀ ਖਿਆਲਾਂ ਵਾਲਾ ਮੁਸਲਮਾਨ ਸੀ. ਇਹ ਗੁਰੂ ਹਰਿਰਾਇ ਸਾਹਿਬ ਦਾ ਸਾਦਿਕ ਅਤੇ ਵਿਦ੍ਵਾਨ ਸੱਜਨ ਸੀ. ਇਹ ਕਈ ਗ੍ਰੰਥਾਂ ਦਾ ਕਰਤਾ ਹੋਇਆ ਹੈ. ਇਸ ਦੀ ਛਾਪ "ਕਾਦਿਰੀ" ਸੀ.#ਦੇਖੋ, ਉਪਨਿਸਦ ਅਤੇ ਔਰੰਗਜ਼ੇਬ.
ماخذ: انسائیکلوپیڈیا