ਦ੍ਰੋਣ
throna/dhrona

تعریف

ਸੰ. ਸੰਗ੍ਯਾ- ਕਠੌਤਾ. ਕਾਠ ਦਾ ਪਾਤ੍ਰ। ੨. ਕੱਚਾ ਬੱਤੀ ਸੇਰ ਤੋਲ। ੩. ਪੱਤਿਆਂ ਦਾ ਡੂਨਾ। ੪. ਵ੍ਰਿਕ੍ਸ਼੍‍. ਦਰਖ਼ਤ। ੫. ਪੁਰਾਣਾਂ ਅਨੁਸਾਰ ਇੱਕ ਪਹਾੜ, ਜਿਸ ਉੱਪਰ ਵਿਸ਼ਲ੍ਯਕਰਣੀ ਬੂਟੀ ਹੁੰਦੀ ਹੈ. ਦੇਖੋ, ਸਰਬੌਖਧਿ ਪਰਵਤ। ੬. ਕੇਲਾ। ੭. ਦ੍ਰੋਣਾਚਾਰਯ. ਮਹਾਭਾਰਤ ਅਨੁਸਾਰ ਕਥਾ ਇਉਂ ਹੈ ਕਿ ਗੰਗਾ ਕਿਨਾਰੇ ਭਰਦ੍ਵਾਜ ਰਿਖੀ ਰਹਿਂਦਾ ਸੀ. ਘ੍ਰਿਤਾਚੀ ਅਪਸਰਾ ਨੂੰ ਦੇਖਕੇ ਇੱਕ ਵਾਰ ਉਸ ਦਾ ਵੀਰਜ ਪਾਤ ਹੋਗਿਆ, ਜਿਸ ਨੂੰ ਉਸ ਨੇ ਕਾਠ ਦੇ ਦ੍ਰੋਣ (ਬਰਤਨ) ਵਿੱਚ ਰੱਖਲਿਆ. ਇਸ ਤੋਂ ਪੈਦਾ ਹੋਇਆ ਪੁਤ੍ਰ ਦ੍ਰੋਣ ਕਹਾਇਆ. ਦ੍ਰੋਣ ਨੇ ਭਰਦ੍ਵਾਜ ਦੇ ਚੇਲੇ ਅਗਨਿਵੇਸ਼ ਤੋਂ ਸ਼ਸਤ੍ਰਵਿਦ੍ਯਾ ਸਿੱਖੀ, ਅਤੇ ਸ਼ਰਦਵਾਨ ਦੀ ਪੁਤ੍ਰੀ ਕ੍ਰਿਪਾ ਨਾਲ ਸ਼ਾਦੀ ਕਰਾਈ, ਜਿਸ ਤੋਂ ਅਸ਼੍ਵੱਥਾਮਾ ਪੁਤ੍ਰ ਪੈਦਾ ਹੋਇਆ. ਦ੍ਰੋਣ ਨੇ ਮਹੇਂਦ੍ਰ ਪਰਵਤ ਤੇ ਜਾਕੇ ਪਰਸ਼ੁ ਰਾਮ ਤੋਂ ਭੀ ਅਸਤ੍ਰਵਿਦ੍ਯਾ ਸਿੱਖੀ. ਭੀਸਮਪਿਤਾਮਾ ਨੇ ਧ੍ਰਿਤਰਾਸਟ੍ਰ ਦੇ ਪੁਤ੍ਰ ਦੁਰਯੋਧਨਾਦਿ ਅਤੇ ਪੰਡੁ ਦੇ ਪੁਤ੍ਰ ਯੁਧਿਸ੍ਠਿਰ, ਭੀਮ ਆਦਿ ਦ੍ਰੋਣ ਦੇ ਚੇਲੇ ਕੀਤੇ, ਅਤੇ ਦ੍ਰੋਣ ਨੂੰ ਘਰ ਰੱਖਕੇ ਵਡਾ ਸਨਮਾਨ ਕੀਤਾ. ਮਹਾਭਾਰਤ ਦੇ ਜੰਗ ਵਿਚ ਦ੍ਰੋਣ ਨੇ ਕੌਰਵਾਂ ਦਾ ਸਾਥ ਦਿੱਤਾ ਅਤੇ ਧ੍ਰਿਸ੍ਟਦ੍ਯੁਮਨ ਦੇ ਹੱਥੋਂ ਮੋਇਆ. "ਭਏ ਦ੍ਰੋਣ ਸੇਨਾਪਤੀ ਸੈਨਪਾਲੰ। ਭਯੋ ਘੋਰ ਯੁੱਧੰ ਤਹਾਂ ਤੌਨ ਕਾਲੰ." (ਜਨਮੇਜਯਰਾਜ) ੮. ਪਿਆਲਾ. ਕਟੋਰਾ. "ਭਰਭਰ ਦ੍ਰੋਣ ਸ੍ਰੋਣ ਅਰੁ ਮੇਦਾ ਪੀਵਤ ਭੂਤ ਸਕਾਮੰ." (ਸਲੋਹ)
ماخذ: انسائیکلوپیڈیا