تعریف
ਸੰ. ਨਹੁਸ. ਮਹਾਬਾਰਤ ਵਿੱਚ ਲੇਖ ਹੈ ਕਿ ਨਹੁਸ ਅਯੋਧ੍ਯਾਪਤਿ ਅੰਬਰੀਸ ਦਾ ਪੁਤ੍ਰ ਅਤੇ ਯਯਾਤਿ ਦਾ ਪਿਤਾ ਸੀ. ਵ੍ਰਿਤ੍ਰਾਸੁਰ (ਬ੍ਰਾਹਮਣ) ਦੇ ਮਾਰਨ ਤੋਂ ਜਦ ਇੰਦ੍ਰ ਬ੍ਰਹਮਹਤ੍ਯਾ ਦੇ ਭੈ ਨਾਲ ਕਮਲਨਾਲਿ ਵਿੱਚ ਲੁੱਕ ਗਿਆ, ਤਦ ਵ੍ਰਿਹਸਪਤੀ ਨੇ ਨਹੁਖ ਨੂੰ ਇੰਦ੍ਰ ਦੇ ਸਿੰਘਾਸਨ ਪੁਰ ਥਾਪਿਆ. ਨਹੁਖ ਨੇ ਇੰਦ੍ਰਾਣੀ ਨੂੰ ਸੱਦ ਭੇਜਿਆ, ਉਸ ਨੇ ਉੱਤਰ ਦਿੱਤਾ ਕਿ ਜੇ ਸੱਤ ਰਿਖੀ ਨੂੰ ਪਾਲਕੀ ਵਿੱਚ ਜੋਤ ਕੇ ਮੇਰੇ ਪਾਸ ਤੂੰ ਆਵੇਂ, ਤਦ ਤੇਰੇ ਨਾਲ ਚੱਲਾਂਗੀ. ਨਹੁਖ ਰਿਖੀਆਂ ਤੋਂ ਪਾਲਕੀ ਚੁਕਵਾਕੇ ਤੇਜ਼ ਚਲਾਉਣ ਲਈਂ ਸਰਪ- ਸਰਪ (ਛੇਤੀ ਤੁਰੋ) ਕਹਿਕੇ ਤੱਦੀ ਕਰਨ ਲੱਗਾ. ਇਸ ਪੁਰ ਅਗਸਤ੍ਯ ਮੁਨਿ ਨੇ ਸਰਾਪ ਦੇ ਦਿੱਤਾ ਕਿ ਜਾਓ, ਸਰਪ ਬਣ ਜਾਓ. ਨਹੁਖ ਸਰਪ ਹੋਕੇ ਸੁਰਗੋਂ ਡਿੱਗਾ. ਰਾਜਾ ਯੁਧਿਸ੍ਠਿਰ ਨੇ ਨਹੁਖ ਨੂੰ ਸਰਪਯੋਨਿ ਤੋਂ ਮੁਕਤ ਕੀਤਾ।
ماخذ: انسائیکلوپیڈیا