تعریف
ਦੇਖੋ, ਸੋਹਣਾ ੩। ੨. ਮੁਨਸ਼ੀ ਫੱਜੂਰਾਮ ਆਂਗਿਰਸ ਖਤ੍ਰੀ, ਜੋ ਫ਼ਾਰਸੀ ਦਾ ਵਿਦ੍ਵਾਨ ਸੀ, ਸਨ ੧੬੩੦ ਵਿੱਚ ਹਿੰਦੁਸਤਾਨੋਂ ਗ਼ਜ਼ਨੀ ਵੱਲ ਗਿਆ ਅਰ ਆਪਣੀ ਯੋਗ੍ਯਤਾ ਦੇ ਬਲ ਉੱਥੋਂ ਦੇ ਹਾਕਿਮ ਦਾ ਮੀਰ ਮੁਨਸ਼ੀ ਹੋਗਿਆ. ਇੱਥੇ ਹੀ ਇਸ ਦੇ ਘਰ ਨੰਦਲਾਲ ਜੀ ਦਾ ਜਨਮ ਸਨ ੧੬੩੩ ਵਿੱਚ ਹੋਇਆ. ਪਿਤਾ ਨੇ ਇਨ੍ਹਾਂ ਦੀ ਤਾਲੀਮ ਦਾ ਯੋਗ੍ਯ ਪ੍ਰਬੰਧ ਕੀਤਾ, ਅਤੇ ੧੨. ਵਰ੍ਹੇ ਦੀ ਜਦ ਉਮਰ ਹੋਈ ਤਾਂ ਕੁਲਰੀਤਿ ਅਨੁਸਾਰ ਕੁਲਗੁਰੂ ਤੋਂ ਵੈਸਨਵ ਧਰਮ ਦੀ ਸਿਖ੍ਯਾ ਦਿਵਾਕੇ ਕੰਠੀ ਬੰਨ੍ਹਵਾਉਣ ਦੀ ਰਸਮ ਕਰਵਾਉਣੀ ਚਾਹੀ, ਪਰ ਵਿਚਾਰਸ਼ੀਲ ਨੰਦਲਾਲ ਜੀ ਨੇ ਪਿਤਾ ਅਤੇ ਕੁਲਗੁਰੂ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਮੈਂ ਆਪਣੀ ਤਸੱਲੀ ਕੀਤੇ ਬਿਨਾ ਕੋਈ ਧਰਮ ਨਹੀਂ ਧਾਰਨ ਕਰਾਂਗਾ.#ਸਨ ੧੬੫੨ ਵਿਚ ਪਿਤਾ ਦਾ ਦੇਹਾਂਤ ਹੋਣ ਪੁਰ ਨੰਦਲਾਲ ਜੀ ਉਦਾਸ ਹੋਕੇ ਗ਼ਜ਼ਨੀ ਤੋਂ ਚਲੇ ਆਏ ਅਤੇ ਮੁਲਤਾਨ ਦੇ ਦਿੱਲੀ ਦਰਵਾਜੇ ਘਰ ਬਣਾਕੇ ਰਹਿਣ ਲੱਗੇ. ਇਨ੍ਹਾਂ ਦੇ ਮਕਾਨ ਪਾਸ ਵਸੇ ਮਹੱਲੇ ਦਾ ਨਾਮ "ਆਗਾਪੁਰ" ਪ੍ਰਸਿੱਧ ਹੋਗਿਆ, ਕਿਉਂਕਿ ਨੰਦਲਾਲ ਜੀ ਦੇ ਸੇਵਕ ਅਤੇ ਸ਼ਾਗਿਰਦ ਇਨ੍ਹਾਂ ਨੂੰ ਆਗ਼ਾ (ਸ੍ਵਾਮੀ) ਕਹਿਕੇ ਬੁਲਾਇਆ ਕਰਦੇ ਸਨ.#ਇੱਥੇ ਹੀ ਇੱਕ ਸਿੱਖ ਘਰਾਣੇ ਦੀ ਪੁਤ੍ਰੀ ਨਾਲ ਆਪ ਦੀ ਸ਼ਾਦੀ ਹੋ ਗਈ, ਜਿਸ ਤੋਂ ਗੁਰਸਿੱਖੀ ਦੀ ਪ੍ਰੀਤਿ ਮਨ ਵਿੱਚ ਉਪਜੀ.#ਸਨ ੧੬੮੨ ਵਿੱਚ ਨੰਦਲਾਲ ਜੀ ਮੁਲਤਾਨੋਂ ਤੁਰਕੇ ਅਮ੍ਰਿਤਸਰ ਜੀ ਦਾ ਦਰਸ਼ਨ ਕਰਦੇ ਹੋਏ ਕਲਗੀਧਰ ਜੀ ਦੀ ਸੇਵਾ ਵਿੱਚ ਆਨੰਦਪੁਰ ਪੁੱਜੇ ਅਤੇ ਗੁਰਦਿਖ੍ਯਾ ਲੈਕੇ ਅਨੰਨ ਸਿੱਖ ਹੋਏ.#ਭਾਈ ਨੰਦਲਾਲ ਸਾਹਿਬ ਆ਼ਰਬੀ, ਫ਼ਾਰਸੀ ਅਤੇ ਰਿਆਜੀ ਦੇ ਪੂਰੇ ਪੰਡਿਤ ਅਤੇ ਵਡੀ ਚਮਤਕਾਰੀ ਬੁੱਧੀ ਰਖਦੇ ਸਨ. ਇਨ੍ਹਾਂ ਦਾ ਸ਼ਾਹਜ਼ਾਦਾ ਮੁਅ਼ੱਜਮ (ਬਹਾਦੁਰਸ਼ਾਹ) ਨਾਲ ਸਤਿਗੁਰਾਂ ਦੀ ਮਾਰਫ਼ਤ ਮਿਲਾਪ ਹੋਗਿਆ ਅਤੇ ਇਹ ਸ਼ਾਹਜ਼ਾਦੇ ਪਾਸ ਮੁਸਾਹਿਬ ਅਤੇ ਮੀਰਮੁਨਸ਼ੀ ਹੋਕੇ ਸਨ ੧੬੮੩ ਤੋਂ ਰਹਿਣ ਲੱਗੇ. ਇਨ੍ਹਾਂ ਦੀ ਉਸਤਤਿ ਮੁਅ਼ੱਜਮ ਤੋਂ ਅਤੇ ਆ਼ਲਿਮਾਂ ਦੀ ਸਭਾ ਵਿੱਚ ਕੁਰਾਨ ਦੀ ਇੱਕ ਆਯਤ ਦੇ ਚਮਤਕਾਰੀ ਅਰਥ ਸੁਣਕੇ ਬਾਦਸ਼ਾਹ ਔਰੰਗਜ਼ੇਬ ਨੇ ਇਨ੍ਹਾਂ ਨੂੰ ਮੁਸਲਮਾਨ ਕਰਨਾ ਚਾਹਿਆ, ਜਿਸ ਪੁਰ (ਮੁਅ਼ੱਜਮ) ਤੋਂ ਵਿਦਾ ਲੈਕੇ ਸਨ ੧੬੯੭ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਜਾ ਰਹੇ.#ਆਪ ਕਲਗੀਧਰ ਦੇ ਦਰਬਾਰ ਦਾ ਭੂਸਣ ਅਤੇ ਗੁਰਮੁਖਾਂ ਦੀ ਸ਼੍ਰੇਣੀ ਵਿੱਚ ਗਿਣੇਜਾਂਦੇ ਸਨ. ਦਸ਼ਮੇਸ਼ ਨੇ ਸਿੱਖਾਂ ਦੇ ਲੰਗਰ ਦੀ ਪਰੀਖਿਆ ਸਮੇਂ ਭਾਈ ਸਾਹਿਬ ਜੀ ਦੀ "ਸਿੱਖਸੇਵਾ " ਸਭ ਤੋਂ ਵਧਕੇ ਸਲਾਹੀ ਸੀ.¹#ਸਤਿਗੁਰਾਂ ਦੇ ਆਨੰਦਪੁਰੋਂ ਜਾਣ ਪਿੱਛੋਂ ਭਾਈ ਸਾਹਿਬ ਜੀ ਮੁਲਤਾਨ ਵਿੱਚ ਆਪਣੇ ਘਰ ਜਾ ਰਹੇ, ਅਤੇ ਉੱਥੇ ਗੁਰਮਤ ਅਤੇ ਵਿਦ੍ਯਾ ਦਾ ਪ੍ਰਚਾਰ ਕਰਦੇ ਹੋਏ ਸਮਾ ਵਿਤਾਇਆ. ਇਨ੍ਹਾਂ ਦਾ ਦੇਹਾਂਤ ਸਨ ੧੭੦੫ ਵਿੱਚ ਹੋਇਆ.#ਭਾਈ ਨੰਦਲਾਲ ਜੀ ਦੇ ਦੋ ਸੁਪੁਤ੍ਰ ਸਨ, ਵਡਾ ਲਖਪਤਿਰਾਇ ਅਤੇ ਛੋਟਾ ਲੀਲਾਰਾਮ. ਲਖਪਤਿ ਦੇ ਸੰਤਾਨ ਨਹੀਂ ਹੋਈ. ਲੀਲਾਰਾਮ ਜੀ ਦੀ ਵੰਸ਼ ਚਲੀ, ਜੋ ਹੁਣ ਬਹਾਵਲਪੁਰ ਅਤੇ ਮੁਲਤਾਨ ਆਦਿਕ ਥਾਂਈਂ ਨਿਵਾਸ ਕਰਦੀ ਹੈ, ਜਿਸ ਵਿੱਚ ਸਹਜਧਾਰੀ ਅਤੇ ਅਮ੍ਰਿਤਧਾਰੀ ਗੁਰਮੁਖ ਸੱਜਨ ਪੰਥ ਦੇ ਰਤਨ ਹਨ, ਅਰ "ਭਾਈ" ਲਕ਼ਬ ਨਾਲ ਸੰਬੋਧਨ ਕੀਤੇ ਜਾਂਦੇ ਹਨ.#ਭਾਈ ਨੰਦਲਾਲ ਜੀ ਨੇ ਗੁਰੁਮਹਿਮਾਂ, ਭਗਤਿ ਅਤੇ ਗ੍ਯਾਨ ਵਿਸਯ ਪੁਰ ਇਹ ਪੁਸ੍ਤਕ ਲਿਖੇ ਹਨ-#੧. ਜ਼ਿੰਦਗੀਨਾਮਹ। ੨. ਤੌਸੀਫ਼ੋਸਨਾ। ੩. ਗੰਜਨਾਮਹ। ੪. ਜੋਤਵਿਕਾਸ਼। ੫. ਦੀਵਾਨਗੋਯਾ। ੬. ਇਨਸ਼ਾ ਦਸਤੂਰ। ੭. ਅਰਜੁਲ- ਇਲਫ਼ਾਜ। ੮. ਖ਼ਾਤਮਹ. ਭਾਈ ਨੰਦਲਾਲ ਜੀ ਦਾ ਤਖ਼ਲੁੱਸ (ਛਾਪ) "ਗੋਯਾ" ਹੈ.
ماخذ: انسائیکلوپیڈیا