تعریف
ਜਿਲਾ ਕਰਨਾਲ ਦੀ ਕੈਥਲ ਤਸੀਲ ਵਿੱਚ ਥਨੇਸਰ ਤੋਂ ੧੬. ਮੀਲ ਪੱਛਮ ਕੁਰੁਕ੍ਸ਼ੇਤ੍ਰ (ਕੁਲਛੇਤ੍ਰ) ਅੰਤਰਗਤ ਤੀਰਥ, ਜਿਸ ਦਾ ਸੰਸਕ੍ਰਿਤ ਨਾਮ ਪ੍ਰਿਥੂਦਕ ( ਪ੍ਰਿਥੁ ਰਾਜਾ ਦਾ ਤਾਲ) ਹੈ. ਇੱਥੇ ਦੋ ਗੁਰਦ੍ਵਾਰੇ ਹਨ- ਸ਼ਹਿਰ ਤੋਂ ਉੱਤਰ ਪੂਰਵ ਇੱਕ ਫਰਲਾਂਗ ਦੇ ਕ਼ਰੀਬ ਜੰਮੂ ਦੇ ਸ਼ਿਵਾਲਯ ਪਾਸ ਉੱਚੀ ਥਾਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ, ਸ਼੍ਰੀ ਗੁਰੂ ਤੇਗਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਹੁਣ ਕੇਵਲ ਕੰਧਾਂ ਦਾ ਹੀ ਨਿਸ਼ਾਨ ਬਾਕੀ ਹੈ, ਹੋਰ ਇਮਾਰਤ ਢਹਿ ਗਈ ਹੈ. ਪਾਸ ਇੱਕ ਬਾਵਲੀ ਅਤੇ ਨਿੰਮ ਇਮਲੀ ਦੇ ਪੁਰਾਣੇ ਬਿਰਛ ਮੌਜੂਦ ਹਨ. ਕੋਈ ਸੇਵਾਦਾਰ ਨਾ ਹੋਣ ਕਰਕੇ ਬੇਅਦਬੀ ਹੋ ਰਹੀ ਹੈ.#(੨) ਸ਼ਹਿਰ ਵਿੱਚ ਸਰਸ੍ਵਤੀ ਤੀਰਥ ਦੇ ਕਿਨਾਰੇ ਸ਼੍ਰੀ ਗੁਰੂ ਨਾਨਕਦੇਵ, ਸ਼੍ਰੀ ਗੁਰੂ ਤੇਗਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ, ਜਿਸ ਦੀ ਸੇਵਾ ਭਾਈਸਾਹਿਬ ਉਦਯਸਿੰਘ ਜੀ ਕੈਥਲਪਤਿ ਨੇ ਕਰਾਈ. ੧੦੦ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ਚੇਤ ਚੋਦਸ ਅਤ ਕੱਤਕ ਦੀ ਪੂਰਣਮਾਸੀ ਨੂੰ ਮੇਲਾ ਹੁੰਦਾ ਹੈ.#ਰੇਲਵੇ ਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ੧੮. ਮੀਲ ਪੱਛਮ ਵੱਲ ਹੈ ਅਤੇ ਪੱਕੀ ਸੜਕ ਗੁਰਦ੍ਵਾਰੇ ਜਾਂਦੀ ਹੈ.
ماخذ: انسائیکلوپیڈیا