ਭੂਚਾਲ
bhoochaala/bhūchāla

تعریف

ਪ੍ਰਿਥਿਵੀ ਦਾ ਕੰਬਣਾ. ਜ਼ਲਜ਼ਲਾ. Earth- quake ਸ਼ੱਕੁਲਅਰਜ਼. ਭੰਭ. ਪਦਾਰਥਵਿਦ੍ਯਾ ਦੇ ਜਾਣਨ ਵਾਲੇ ਮੰਨਦੇ ਹਨ ਕਿ ਭੂਗਰਭ ਦੀ ਅਗਨੀ ਦੇ ਸੰਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉਠਦੇ ਹਨ, ਅਰ ਫੈਲਕੇ ਬਾਹਰ ਨਿਕਲਣ ਨੂੰ ਰਾਹ ਲਭਦੇ ਹੋਏ ਧੱਕਾ ਮਾਰਦੇ ਹਨ. ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਪ੍ਰਿਥਿਵੀ ਦਾ ਉੱਪਰਲਾ ਭਾਗ ਭੀ ਕੰਬ ਉਠਦਾ ਹੈ.#ਭੂਚਾਲ ਕਦੇ ਪ੍ਰਿਥਿਵੀ ਦੇ ਥੋੜੇ ਹਿੱਸੇ ਵਿੱਚ ਅਰ ਕਦੇ ਬਹੁਤੇ ਵਿੱਚ ਹੁੰਦਾ ਹੈ, ਜਿਨ੍ਹਾਂ ਦੇਸ਼ਾਂ ਵਿੱਚ ਜ੍ਵਾਲਾਮੁਖੀ ਪਹਾੜ ਬਹੁਤ ਹਨ, ਉਨ੍ਹਾਂ ਵਿੱਚ ਭੂਕੰਪ ਬਹੁਤ ਹੋਇਆ ਕਰਦੇ ਹਨ.#ਭੂਚਾਲਾਂ ਨਾਲ ਕਦੇ ਕਦੇ ਜ਼ਮੀਨ ਵਿੱਚ ਵਡੇ- ਵਡੇ ਛੇਕ ਹੋ ਜਾਂਦੇ ਹਨ. ਕਈ ਜਮੀਨ ਦੇ ਟੁਕੜੇ ਪਾਣੀ ਵਿੱਚ ਗਰਕ ਹੋ ਜਾਂਦੇ ਅਤੇ ਕਈ ਪਾਣੀ ਵਿੱਚੋਂ ਉਭਰਕੇ ਬਾਹਰ ਆ ਜਾਂਦੇ ਹਨ.#ਭੂਚਾਲ ਵਿਦ੍ਯਾ (Seismology) ਦੇ ਪੰਡਿਤਾਂ ਨੇ ਇੱਕ ਆਲਾ (seismograph) ਬਣਾਇਆ ਹੈ, ਜਿਸ ਤੋਂ ਭੂਚਾਲਾਂ ਦੇ ਆਉਣ ਦਾ ਸਮਾ ਦਿਸ਼ਾ ਅਤੇ ਫਾਸਲਾ ਮਲੂਮ ਹੋ ਜਾਂਦਾ ਹੈ.#ਵਿਸਨੁਪੁਰਾਣ ਅੰਸ਼ ੧. ਅਃ ੫. ਵਿੱਚ ਲਿਖਿਆ ਹੈ ਕਿ ਸ਼ੇਸਨਾਗ ਜਦ ਅਵਾਸੀ (ਜੰਭਾਈ) ਲੈਂਦਾ ਹੈ, ਤਦ ਭੁਚਾਲ ਹੁੰਦਾ ਹੈ. ਵਾਲਮੀਕ ਰਾਮਾਯਣ ਕਾਂਡ ੧. ਅਃ ੪੦ ਵਿੱਚ ਲੇਖ ਹੈ ਕਿ ਜਦ ਸ਼ੇਸਨਾਗ ਥੱਕਕੇ ਆਪਣਾ ਸਿਰ ਹਿਲਾਉਂਦਾ ਹੈ, ਤਦ ਭੂਕੰਪ ਹੋਇਆ ਕਰਦਾ ਹੈ. "ਰਾਜੀ ਬਿਰਾਜੀ ਭੂਕੰਪ." (ਭਾਗੁਕ) ਦੇਖੋ, ਰਾਜੀ.
ماخذ: انسائیکلوپیڈیا