تعریف
ਗੁਰਯਸ਼ ਕਰਤਾ ਇੱਕ ਭੱਟ. "ਮਥੁਰਾ ਭਨਿ ਭਾਗ ਭਲੇ ਉਨਕੇ." (ਸਵੈਯੇ ਮਃ ੪. ਕੇ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ। ੩. ਸੰ. ਮਧੁਪੁਰੀ. ਇਲਾਹਾਬਾਦ ਦੇ ਇਲਾਕੇ ਜਮੁਨਾ ਨਦੀ ਦੇ ਸੱਜੇ ਕਿਨਾਰੇ ਵ੍ਰਜਭੂਮਿ ਵਿੱਚ ਮਥੁਰਾ ਪ੍ਰਸਿੱਧ ਸ਼ਹਿਰ ਹੈ, ਜੋ ਹਿੰਦੁਆਂ ਦੀਆਂ ਸੱਤ ਪਵਿਤ੍ਰ ਨਗਰੀਆਂ ਵਿੱਚੋਂ ਇੱਕ ਹੈ. ਕ੍ਰਿਸਨ ਜੀ ਨੇ ਏਥੇ ਹੀ ਜਨਮ ਲਿਆ ਸੀ. "ਮਥੁਰਾ ਮੰਡਲ ਕੇ ਬਿਖੇ ਜਨਮ ਧਰ੍ਯੋ ਹਰਿ ਰਾਇ." (ਕ੍ਰਿਸਨਾਵ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਏਥੇ ਇੱਕ ਦੈਤ ਮਧੁ ਨਾਮੀ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ "ਮਧੁਪੁਰੀ" ਹੋਇਆ. ਜਦ ਮਧੁ ਦੇ ਪੁਤ੍ਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੁਘਨ ਨੇ ਮਾਰ ਦਿੱਤਾ, ਤਾਂ ਉਸ ਨੇ ਇਸ ਸ਼ਹਰ ਦਾ ਨਾਮ "ਮਧੁਰਾ" ਰੱਖਦਿੱਤਾ, ਜਿਸ ਤੋਂ ਮਥੁਰਾ ਬਣ ਗਿਆ.#ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸਨ ਹਿਜਰੀ ੧੦੮੦ (ਸਨ ੧੬੬੯) ਵਿੱਚ ਇਸ ਪੁਰੀ ਦਾ ਨਾਮ "ਇਸਲਾਮਾਬਾਦ" ਰੱਖਿਆ ਸੀ¹ ਅਤੇ ਕੇਸ਼ਵਦੇਵ ਮੰਦਿਰ ਨੂੰ ਢਾਹਕੇ ਮਸੀਤ ਚਿਣਵਾਈ ਸੀ.#ਇਸ ਸ਼ਹਿਰ ਵਿੱਚ ਚੌਬਿਆਂ ਦੇ ਘਰ ਛੀਂਵੇਂ ਗੁਰੂ ਸਾਹਿਬ ਦਾ ਅਸਥਾਨ ਹੈ. ਆਗਰੇ ਜਾਂਦੇ ਹੋਏ ਇਸ ਥਾਂ ਪਧਾਰੇ ਸਨ. ਕੰਸ ਦੇ ਟਿੱਲੇ ਉੱਪਰ ਨੋਮੇ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ. ਮਥੁਰਾ ਵਿੱਚ ਦਸ਼ਮੇਸ਼ ਨੇ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਚਰਣ ਪਾਏ ਹਨ. ਸ਼੍ਰੀ ਗੁਰੂ ਨਾਨਕਦੇਵ ਜੀ ਭੀ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਪ੍ਰਸਿੱਧ ਨਹੀਂ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੯.
ماخذ: انسائیکلوپیڈیا