تعریف
ਫ਼ਾ. [مُتنجن] ਇੱਕ ਪ੍ਰਕਾਰ ਦਾ ਪੁਲਾਉ, ਜਿਸ ਦੇ ਬਣਾਉਣ ਦੀ ਇਹ ਜੁਗਤ ਹੈ-#ਦੋ ਸੇਰ ਮਾਸ ਦੀ ਯਖਨੀ ਕੱਢਕੇ ਪਾਉ ਭਰ ਘੀ ਵਿੱਚ ਲੌਂਗ ਇਲਾਇਚੀ ਦਾ ਤੜਕਾ ਲਾਕੇ ਅਤੇ ਸਵਾ ਸੇਰ ਸਾਫ ਖੰਡ ਯਖਨੀ ਵਿੱਚ ਮਿਲਾਕੇ ਚਾਸ਼ਨੀ ਬਣਾਈ ਜਾਵੇ.#ਇੱਕ ਸੇਰ ਚਾਉਲਾਂ ਨੂੰ ਦੋ ਤੋਲੇ ਲੂਣ ਪਾਕੇ ਉਬਾਲ ਲਿਆ ਜਾਵੇ, ਜਦ ਦੋ ਕਣੀਆਂ ਰਹਿ ਜਾਣ, ਤਾਂ ਛਾਲਣੀ ਵਿੱਚ ਪਾਕੇ ਪਿੱਛ ਕੱਢੀ ਜਾਵੇ ਅਤੇ ਠੰਢੇ ਪਾਣੀ ਨਾਲ ਚਾਉਲ ਧੋ ਦਿੱਤੇ ਜਾਣ ਅਰ ਇੱਕ ਘੰਟਾ ਉਨ੍ਹਾਂ ਨੂੰ ਠੰਢਾ ਕੀਤਾ ਜਾਵੇ. ਫੇਰ ਇਨ੍ਹਾਂ ਚਾਉਲਾਂ ਨੂੰ ਯਖਨੀ ਵਿੱਚ ਮਿਲਾਕੇ ਪਕਾਇਆ ਜਾਵੇ. ਜਦ ਯਖਨੀ ਚਾਉਲਾਂ ਨਾਲ ਰਸ ਮਿਸੀ ਹੋ ਜਾਵੇ, ਤਦ ਇੱਕ ਛਟਾਂਕ ਬਦਾਮਾਂ ਦੀਆਂ ਛਿੱਲੀਆਂ ਅਤੇ ਕਤਰੀਆਂ ਗਿਰੀਆਂ, ਨਿੰਬੂ ਦਾ ਰਸ ਤਿੰਨ ਤੋਲੇ, ਗੁਲਾਬ ਅਤੇ ਕਿਉੜੇ ਦਾ ਅਰਕ ਇੱਕ ਇੱਕ ਤੋਲਾ, ਅੱਧੀ ਛਟਾਂਕ ਛੋਟੀ. ਇਲਾਇਚੀ ਦੇ ਬੀਜ, ਪਾਉ ਭਰ ਘੀ, ਇਹ ਸਾਰੇ ਪਦਾਰਥ ਪੁਲਾਉ ਵਿੱਚ ਮਿਲਾਕੇ ਦਮਪੁਖਤ ਕੀਤਾ ਜਾਵੇ. ਜਦ ਸਾਰੀਆਂ ਚੀਜਾਂ ਇੱਕ ਰੂਪ ਹੋ ਜਾਣ ਅਤੇ ਚਾਸ਼ਨੀ ਨੂੰ ਪੂਰੀ ਤਰਾਂ ਚਾਉਲ ਸੋਖ ਲੈਣ ਤਾਂ ਅੱਗ ਤੋਂ ਉਤਾਰ ਲਿਆ ਜਾਵੇ.
ماخذ: انسائیکلوپیڈیا