ਰਣਜੀਤਸਿੰਘ ਮਹਾਰਾਜਾ
ranajeetasingh mahaaraajaa/ranajītasingh mahārājā

تعریف

ਮਿਸਲ ਸੁਕ੍ਰਚੱਕੀਆ ਦੇ ਜਥੇਦਾਰ ਸਰਦਾਰ ਮਹਾਸਿੰਘ ਦੇ ਘਰ, ਜੀਂਦਪਤਿ ਰਾਜਾ ਗਜਪਤਿਸਿੰਘ ਦੀ ਸੁਪੁਤ੍ਰੀ, ਰਾਜਕੌਰ ਦੇ ਉਦਰ ਤੋਂ ਸੰਮਤ ੧੮੩੭ (੨ ਨਵੰਬਰ ਸਨ ੧੭੮੦) ਵਿੱਚ ਰਣਜੀਤਸਿੰਘ ਦਾ ਜਨਮ ਹੋਇਆ.¹ ਛੋਟੀ ਉਮਰ ਵਿੱਚ ਚੇਚਕ (ਮਾਤਾ) ਨਿਕਲਣ ਕਰਕੇ ਇਸ ਦੀ ਖੱਬੀ ਅੱਖ ਜਾਂਦੀ ਰਹੀ ਅਰ ਚੇਹਰੇ ਤੇ ਮਾਤਾ ਦੇ ਬਹੁਤ ਦਾਗ ਹੋ ਗਏ. ਪਿਤਾ ਦਾ ਦੇਹਾਂਤ ਹੋਣ ਪੁਰ ਰਣਜੀਤ ਸਿੰਘ ਦਸ ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਦੀ ਛੋਟੀ ਉਮਰ ਵਿੱਚ ਇਸ ਦੇ ਪਿਤਾ ਦੇ ਅਹਿਲਕਾਰ ਸਰਦਾਰ ਦਲਸਿੰਘ ਅਤੇ ਦੀਵਾਨ ਲਖਪਤਿਰਾਇ ਮਾਈ ਰਾਜਕੌਰ ਦੀ ਹਦਾਇਤ ਅਨੁਸਾਰ ਰਿਆਸਤ ਦਾ ਕੰਮ ਚਲਾਉਂਦੇ ਰਹੇ. ਭਾਈ ਫੇਰੂਸਿੰਘ ਗੁੱਜਰਾਂਵਾਲੇ ਦੀ ਸਰਕਾਰੀ ਧਰਮਸ਼ਾਲਾ ਦਾ ਗ੍ਰੰਥੀ ਧਾਰਮਿਕ ਸਿਖ੍ਯਾ ਲਈ ਮੁਕੱਰਿਰ ਕੀਤਾ ਗਿਆ. ਰਣਜੀਤਸਿੰਘ ਨੂੰ ਸਭ ਤੋਂ ਵਧਕੇ ਸ਼ਸਤ੍ਰਵਿਦ੍ਯਾ ਅਤੇ ਘੋੜੇ ਦੀ ਸਵਾਰੀ ਦਾ ਸ਼ੌਕ ਸੀ, ਇਸ ਲਈ ਦੋਹਾਂ ਵਿੱਚ ਬਹੁਤ ਛੇਤੀ ਕਮਾਲ ਹਾਸਿਲ ਕਰ ਲਿਆ.#ਹੋਨਹਾਰ ਰਣਜੀਤਸਿੰਘ ਦੀ ਉਮਰ ਦੇ ਨਾਲ ਹੀ ਪ੍ਰਤਾਪ ਦੀ ਅਜੇਹੀ ਵ੍ਰਿੱਧੀ ਹੋਈ ਕਿ ਸੰਮਤ ੧੮੫੬ (ਸਨ ੧੭੯੯) ਵਿੱਚ ਇਸ ਨੇ ਲੌਹਰ ਪੁਰ ਕਬਜਾ ਕਰ ਲਿਆ ਅਰ ਸੰਮਤ ੧੮੫੮ ਵਿੱਚ ਭਾਰੀ ਦਰਬਾਰ ਕਰਕੇ "ਮਹਾਰਾਜਾ" ਪਦਵੀ ਧਾਰਣ ਕੀਤੀ, ਪਰ ਮਹਾਰਾਜਾ ਰਣਜੀਤਸਿੰਘ "ਸਿੰਘਸਾਹਿਬ" ਸ਼ਬਦ ਜਾਦਾ ਪਸੰਦ ਕਰਦਾ ਸੀ.² ਇਹ ਐਸਾ ਪ੍ਰਤਾਪੀ ਹੋਇਆ ਹੈ ਕਿ ਜਿਸ ਪਾਸੇ ਮੂੰਹ ਕਰਦਾ, ਵਿਜੈ ਲੱਛਮੀ ਭੁਜਾ ਪਸਾਰਕੇ ਇਸ ਨੂੰ ਵਰਨ ਲਈ ਅੰਗੇ ਵਧਦੀ. ਇਸ ਨੇ ਛੋਟੇ ਸਰਦਾਰ ਦੇ ਘਰ ਪੈਦਾ ਹੋਕੇ ਸਤਲੁਜ ਤੋਂ ਪੇਸ਼ਾਵਰ ਅਤੇ ਤਿੱਬਤ ਦੀ ਹੱਦ ਤੋਂ ਸਿੰਧ ਤੀਕ ਆਪਣਾ ਰਾਜ ਫੈਲਾਕੇ ਚਾਰ ਸੂਬੇ (ਲਹੌਰ, ਪੇਸ਼ਾਵਰ, ਕਸ਼ਮੀਰ, ਮੁਲਤਾਨ) ਕਾਇਮ ਕੀਤੇ. ਮਹਾਰਾਜਾ ਦਾ ਖਿਆਲ ਸੀ ਕਿ ਸਿੱਖਾਂ ਦੀ ਸਾਰੀ ਖਿੰਡੀ ਹੋਈ ਤਾਕਤ ਨੂੰ ਇਕੱਠੀ ਕਰਕੇ ਇੱਕ ਕੇਂਦ੍ਰੀ ਸਲਤਨਤ ਬਣਾਈ ਜਾਵੇ.#ਅੰਗ੍ਰੇਜ਼ੀ ਇਤਿਹਾਸਾਂ ਵਿੱਚ ਮਹਾਰਾਜਾ ਦੀ ਪਦਵੀ "ਸ਼ੇਰੇ ਪੰਜਾਬ" (The Lion of the Punjab) ਹੈ. ਇਸ ਦਾ ਦਰਬਾਰ ਲਾਇਕ ਅਹਿਲਕਾਰਾਂ ਅਤੇ ਯੋਗ੍ਯ ਜਰਨੈਲਾਂ ਨਾਲ ਭਰਪੂਰ ਸੀ. ਸੈਨਾ ਇਸ ਦੀ ਵਡੀ ਬਲਵਾਨ ਅਤੇ ਮਾਲਿਕ ਤੋਂ ਪ੍ਰਾਣ ਵਾਰਨ ਵਾਲੀ ਸੀ, ਇਸ ਪੁਰ ਭੀ ਇਹ ਨੰਮ੍ਰ ਐਸਾ ਸੀ ਕਿ ਜਦ ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਇਸ ਨੂੰ ਲਹੌਰ ਮਿਲਣ ਆਏ, ਤਦ ਉਨ੍ਹਾਂ ਦੇ ਚਰਣ ਭਰੇ ਦਰਬਾਰ ਆਪਣੀ ਦਾੜ੍ਹੀ ਨਾਲ ਝਾੜੇ, ਅਰ ਜਦ ਅਕਾਲੀ ਫੂਲਾਸਿੰਘ ਨੇ ਤਖਤ ਅਕਾਲਬੁੰਗੇ ਦੇ ਦੀਵਾਨ ਵਿੱਚ ਇਸ ਨੂੰ ਤਨਖਾਹੀਆ ਕਰਕੇ ਖੜਾ ਕੀਤਾ, ਤਦ ਅਕਾਲੀ ਜੀ ਦੋ ਹੱਥੋਂ ਕੌਰੜੇ ਲਗਵਾਉਣ ਲਈ ਆਪਣੀ ਪਿੱਠ ਨੰਗੀ ਕਰ ਦਿੱਤੀ.#ਇਹ ਆਪਣੇ ਨਾਮ ਨਾਲੋਂ ਸਤਿਗੁਰੂ ਦੇ ਨਾਮ ਦੀ ਪ੍ਰਸਿੱਧ ਜਾਦਾ ਚਾਹੁਁਦਾ ਸੀ. ਅਮ੍ਰਿਤਸਰ ਵਿੱਚ ਇਸ ਨੇ ਕਿਲਾ ਗੋਬਿੰਦਗੜ੍ਹ ਕਲਗੀਧਰ ਦੇ ਨਾਮ ਪੁਰ ਬਣਾਇਆ. ਬਾਗ ਸਤਿਗੁਰੂ ਰਾਮਦਾਸ ਜੀ ਦੇ ਨਾਮ ਪੁਰ ਲਵਾਇਆ. ਇਸ ਦੀ ਮੇਹਰ ਅਤੇ ਨਾਨਕਸ਼ਾਹੀ ਸਿੱਕਹ ਦੀ ਇਬਾਰਤ ਸੀ- "ਅਕਾਲ ਪੁਰਖ ਜੀ ਸਹਾਯ. ਦੇਗ਼ੋ ਤੇਗ਼ੋ ਫ਼ਤਹ਼ ਨੁਸਰਤ ਼ ਬੰਦਰੰਗ। ਯਾਫ਼ਤਜ਼ ਨਾਨਕ ਗੁਰੂ ਗੋਬਿੰਦਸਿੰਘ."³#੨੫ ਅਪ੍ਰੈਲ ਸਨ ੧੮੦੯ (ਸੰਮਤ ੧੮੬੬) ਨੂੰ ਇਸ ਦਾ ਸਰਕਾਰ ਅੰਗ੍ਰੇਜ਼ੀ ਨਾਲ ਅਹਿਦਨਾਮਾ ਹੋਕੇ ਦੋਹਾਂ ਰਾੱਜਾਂ ਦੀ ਸਰਹੱਦ ਸਤਲੁਜ ਕਾਇਮ ਹੋਈ, ਅਰ ਮਹਾਰਾਜੇ ਨੇ ਅਹਿਦਨਾਮੇ (treaty) ਅਨੁਸਾਰ ਅੰਗ੍ਰੇਜ਼ੀ ਸਰਕਾਰ ਨਾਲ ਪੂਰਣ ਮਿਤ੍ਰਭਾਵ ਰੱਖਿਆ.#ਮਹਾਰਾਜਾ ਰਣਜੀਤਸਿੰਘ ਨੂੰ ਆਦਮੀ ਦੀ ਪਰਖ ਕਰਤਾਰ ਨੇ ਅਜੇਹੀ ਬਖ਼ਸ਼ੀ ਸੀ. ਕਿ ਉਹ ਦੇਖਦੇ ਹੀ ਗੁਣ ਔਗੁਣ ਜਾਣ ਲੈਂਦਾ. ਰਿਆਸਤ ਦਾ ਕੋਈ ਸੀਗਾ ਅਜੇਹਾ ਨਹੀਂ ਸੀ ਜਿਸ ਦੀ ਰੋਜ਼ਾਨਾ ਰਪੋਟ ਉਸ ਪਾਸ ਨਾ ਪੁਜਦੀ. ਸਮੇਂ ਦੀ ਵੰਡ ਅਜੇਹੀ ਕਰ ਰੱਖੀ ਸੀ ਕਿ ਕੋਈ ਵੇਲਾ ਭੀ ਨਿਕੰਮਾ ਨਾ ਜਾਵੇ⁴ ਮਹਾਰਾਜਾ ਨੂੰ ਆਪਣੇ ਸਿਵਲੀ ਅਤੇ ਫੌਜੀ ਅਹੁਦੇਦਾਰਾਂ ਦੇ ਗੁਪਤ ਭੇਤ ਪੂਰੀ ਤਰਾਂ ਮਲੂਮ ਰਹਿਂਦੇ ਸਨ. ਆਲਸ ਕਦੇ ਉਸ ਦੇ ਨੇੜੇ ਨਹੀਂ ਆਉਂਦਾ ਸੀ. ਕਵਿ ਸਾਹਿਬਸਿੰਘ ਜੀ ਲਿਖਦੇ ਹਨ-#"ਸਦ ਹੀ ਕਮਰ ਕਸੀ ਹਮ ਦੇਖੀ,#ਕਬਹੁਁ ਨ ਸੁਸਤੀ ਮੁਖ ਪਰ ਪੇਖੀ."#ਸ਼ੂਰਵੀਰਤਾ ਦੇ ਨਾਲ ਹੀ ਇਸ ਦੀ ਉਦਾਰਤਾ ਜਗਤਪ੍ਰਸਿੱਧ ਸੀ. ਜਾਗੀਰਾਂ ਅਤੇ ਇਨਾਮਾਂ ਤੋਂ ਵੱਖ ਬਾਰਾਂ ਲੱਖ ਰੁਪਯਾ ਦਾਨ ਵਿੱਚ ਖਰਚ ਕਰਦਾ ਸੀ.⁵#ਜਿਸ ਵੇਲੇ ਮਹਾਰਾਜਾ ਸਰਦਾਰ ਹਾਥੀ⁶ ਜਾਂ ਲੈਲਾ ਘੋੜੇ⁷ ਤੇ ਸਵਾਰ ਹੋਕੇ ਗੁਰੂ ਹਰਿਰਾਇ ਸਾਹਿਬ ਦੇ ਰਸਾਲੇ⁸ ਸਮੇਤ ਸਜ ਧਜ ਨਾਲ ਖਾਸ ਖਾਸ ਮੌਕਿਆਂ ਤੇ ਸ਼ਾਹੀ ਜਲੂਸ ਕਢਦਾ, ਤਾਂ ਲੋਕ ਉਸ ਦੀ ਪ੍ਰਭੁਤਾ ਦੇਖਕੇ ਦੰਗ ਰਹਿ ਜਾਂਦੇ ਸਨ.#ਮਹਾਰਾਜਾ ਰਣਜੀਤਸਿੰਘ ਨਾਲ ਪੜੋਸੀ ਅਤੇ ਵਿਦੇਸ਼ੀ ਬਾਦਸ਼ਾਹ ਮਿਤ੍ਰਤਾ ਰੱਖਣ ਦਾ ਸਦਾ ਯਤਨ ਕਰਦੇ ਸਨ. ਪੰਜਾਬ ਦੀ ਯਾਤ੍ਰਾ ਕਰਣ ਆਏ ਵਿਦੇਸ਼ੀ ਇਸ ਦੀ ਚਮਤਕਾਰੀ ਬੁੱਧੀ ਅਤੇ ਯੋਗ੍ਯ ਪ੍ਰਬੰਧ ਦੇਖਕੇ ਵਾਹ ਵਾਹ ਕਰ ਉਠਦੇ ਸਨ. ਮੂਰਕ੍ਰਾਫਟ W. Moorcroft ਨੇ ਆਪਣੇ ਸਫਰਨਾਮੇ ਵਿੱਚ ਲਿਖਿਆ ਹੈ ਕਿ- "ਮੈ ਏਸ਼ੀਆ ਵਿੱਚ ਮਹਾਰਾਜਾ ਰਣਜੀਤਸਿੰਘ ਜੇਹਾ ਸਿਆਣਾ ਰਾਜਾ ਅਜੇ ਤਕ ਨਹੀਂ ਡਿੱਠਾ."#ਪੰਜਾਬ ਵਿੱਚ ਸਿੱਖ ਸਲਤਨਤ ਕਾਇਮ ਕਰਕੇ ਸਿੰਘਸਾਹਿਬ ਨੇ ਆਪਣੀ ਬੁੱਧਿਮੱਤਾ ਦਾ ਪੂਰਾ ਸਬੂਤ ਦਿੱਤਾ. ਇਹ ਪ੍ਰਤਾਪੀ ਮਹਾਰਾਜਾ ਆਪਣੇ ਕਈ ਮਨੋਰਥ ਸਫਲ ਹੋਏ ਦੇਖਣ ਤੋਂ ਪਹਿਲਾਂ ਹੀ ੧੫. ਹਾੜ ਸੰਮਤ ੧੮੯੬ (੨੭ ਜੂਨ ਸਨ ੧੮੩੯) ਨੂੰ ਅਧਰੰਗ ਰੋਗ ਦੇ ਕਾਰਣ ਵਿਨਸ਼੍ਵਰ ਸੰਸਾਰ ਤੋਂ ਵਿਦਾ ਹੋ ਗਿਆ. ਇਸ ਦੀ ਸੁੰਦਰ ਸਮਾਧ ਕਿਲੇ ਦੇ ਸਾਮ੍ਹਣੇ ਬਣੀਹੋਈ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#ਮਹਾਰਾਜਾ ਦੇ ਪਰਲੋਕਗਮਨ ਪੁਰ ਕਵਿ ਜਯਸਿੰਘ ਲਿਖਦਾ ਹੈ:-#ਕੀਨੋ ਤੈਂ ਪਯਾਨ ਸੁਰਲੋਕ ਹੂੰ ਕੋ ਮਹਾਰਾਜ,#ਪੁੰਨ ਪੁੰਜ ਪੁਹਮੀ ਕੇ ਪਲ ਮੇ ਪਲਾਨੇ ਹੇਂ,#ਕਾਂਕੀ ਕੀਜੈ ਓਟ ਕੌਨ ਸਤ੍ਰ ਕੀ ਬਚਾਵੈ ਚੋਟ?#ਗੋ ਗਰੀਬ ਗੁਣੀ ਗੋਣ ਅਤਿ ਬਿਲਖਾਨੇ ਹੈਂ,#ਕਹੈ ਜਯਸਿੰਘ ਸੁਰੀਸੰਪਦਾ ਬਿਲਾਨੀ ਬੀਰ#ਆਸੁਰੀ ਨੇ ਆਨ ਦੀਹ ਦੁੰਦਭਿ ਧਰਾਨੇ ਹੈਂ,#ਹਾਯ ਮਰਦਾਨੇ ਜਗ ਜਾਨੇ ਰਣਜੀਤਸਿੰਘ!#ਤੇਰੇ ਬਿਨ ਕਾਨੇ ਜਗ ਬੀਚ ਤੀਨ ਕਾਨੈ ਹੈਂ.#ਮਹਾਰਾਜਾ ਰਣਜੀਤਸਿੰਘ ਪਾਸ ੯੨੦੦੦ ਪੈਦਲ ਫੌਜ, ੩੧੮੦੦ ਘੁੜਚੜ੍ਹੇ ਅਤੇ ੭੮੪ ਵਡੀ ਛੋਟੀ ਤੋਪਾਂ ਸਨ.⁹ ਸਰਦਾਰ ਸ਼ਾਮਸਿੰਘ ਅਟਾਰੀ ਵਾਲਾ, ਸਰਦਾਰ ਹਰੀਸਿੰਘ ਨਲਵਾ, ਸਰਦਾਰ ਗ਼ੌਸਖਾਨ, ਫੂਲਾਸਿੰਘ ਅਕਾਲੀ ਅਤੇ ਦੀਵਾਨ ਮੋਹਕਮਚੰਦ ਆਦਿਕ ਵੀਰਰਤਨ ਸੈਂਕੜੇ ਸੈਨਾਪਤੀਆਂ ਤੋਂ ਛੁੱਟ ਬਹੁਤ ਵਿਦੇਸ਼ੀ (ਅੰਗ੍ਰੇਜ, ਫਰਾਂਸੀਸੀ, ਇਟੇਲੀਅਨ, ਰੂਸੀ, ਅਮਰੀਕਨ ਆਦਿ) ਅਹੁਦੇਦਾਰ ਸਨ.¹⁰ ਰਿਆਸਤ ਦੀ ਆਮਦਨ ੩੨੪੭੫੦੦੦ ਰੁਪਯਾ ਸੀ.#ਮਹਾਰਾਜਾ ਦੀ ਵੰਸ਼ਾਵਲੀ ਇਉਂ ਹੈ:-:#ਬੁਧਸਿੰਘ ਦੇਹਾਂਤ ਸਨ ੧੭੧੬#।#।
ماخذ: انسائیکلوپیڈیا