ਰਾਮਦਾਸ ਸਤਿਗੁਰੂ
raamathaas satiguroo/rāmadhās satigurū

تعریف

ਸਿੱਖ ਕੌਮ ਦੇ ਚੌਥੇ ਪਾਤਸ਼ਾਹ, ਜਿਨ੍ਹਾਂ ਦਾ ਜਨਮ ਸੋਢੀ ਹਰਿਦਾਸ ਜੀ ਦੇ ਘਰ ਮਾਤਾ ਦਯਾਕੌਰ ਦੇ ਉਦਰ ਤੋਂ ੨੬ ਅੱਸੂ (ਕੱਤਕ ਵਦੀ ੨) ਸੰਮਤ ੧੫੯੧ (ਸਨ ੧੫੩੪) ਨੂੰ ਲਹੌਰ ਚੂੰਨੀਮੰਡੀ ਵਿੱਚ ਹੋਇਆ. ਗੁਰਸਿੱਖ ਹੋਣ ਤੋਂ ਪਹਿਲਾਂ ਇਨ੍ਹਾਂ ਦਾ ਨਾਮ ਜੇਠਾ ਸੀ. ੨੨ ਫੱਗੁਣ ਸੰਮਤ ੧੬੧੦ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੁਪੁਤ੍ਰੀ ਬੀਬੀ ਭਾਨੀ ਜੀ ਨਾਲ ਇਨ੍ਹਾਂ ਦੀ ਸ਼ਾਦੀ ਹੋਈ. ਆਪ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗ੍ਯਾ ਨਾਲ ਗੁਮਟਾਲਾ ਸੁਲਤਾਨਵਿੰਡ ਆਦਿ ਪਿੰਡਾਂ ਪਾਸ ਸੰਮਤ ੧੬੩੧ ਵਿੱਚ ਇੱਕ ਪਿੰਡ ਬੰਨ੍ਹਿਆ, ਜਿਸ ਦਾ ਨਾਉਂ ਗੁਰੂ ਕਾ ਚੱਕ ਰੱਖਿਆ ਅਰ ਉਸ ਦੇ ਪੂਰਵ ਵੱਲ ਇੱਕ ਕੱਚਾ ਤਾਲ ਖੁਦਵਾਇਆ. ਇਸ ਪਿੰਡ ਦਾ ਨਾਉਂ ਸ਼੍ਰੀ ਗੁਰੂ ਅਰਜਨਦੇਵ ਦੇ ਸਮੇਂ "ਰਾਮਦਾਸਪੁਰ" ਅਤੇ ਤਾਲ ਦਾ "ਅਮ੍ਰਿਤਸਰ" ਹੋਇਆ.#ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਸ਼੍ਰੀ ਰਾਮਦਾਸ ਜੀ ਦੀ ਘਾਲ ਪਰਣ ਹੋਈ ਦੇਖੀ, ਤਦ ਪ੍ਰਸੰਨ ਹੋਕੇ ੨. ਅੱਸੂ ਸੰਮਤ ੧੬੩੧ (ਸਨ ੧੫੭੪) ਨੂੰ ਗੁਰੁਤਾ ਬਖਸ਼ੀ.#ਗੁਰੂ ਰਾਮਦਾਸ ਜੀ ਦੇ ਤਿੰਨ ਪੁਤ੍ਰ, ਸ਼੍ਰੀਮਤੀ ਭਾਨੀ ਜੀ ਤੋਂ ਉਪਜੇ, ਪ੍ਰਿਥੀਚੰਦ, ਮਹਾਦੇਵ ਅਤੇ ਸ਼੍ਰੀ ਗੁਰੂ ਅਰਜਨਦੇਵ ਜੀ. ੨. ਅੱਸੂ (ਭਾਦੋਂ ਸੁਦੀ ੩) ਸੰਮਤ ੧੬੩੮ (ਸਨ ੧੫੮੧) ਨੂੰ ਗੋਇੰਦਵਾਲ ਜੋਤੀ ਜੋਤਿ ਸਮਾਏ. ਆਪ ਨੇ ੭. ਵਰ੍ਹੇ ਗੁਰਿਆਈ ਕੀਤੀ. ਅਰ ਸਾਰੀ ਅਵਸਥਾ ੪੬ ਵਰ੍ਹੇ ੧੧. ਮਹੀਨੇ ੭. ਦਿਨ ਭੋਗੀ. "ਇਕ ਅਰਦਾਸਿ ਭਾਟ ਕੀਰਤਿ ਕੀ, ਗੁਰ ਰਾਮਦਾਸ ਰਾਖਹੁ ਸਰਣਾਈ." (ਸਵੈਯੇ ਮਃ ੪. ਕੇ)
ماخذ: انسائیکلوپیڈیا