ਰਾਮਾਯਣ
raamaayana/rāmāyana

تعریف

ਸ਼੍ਰੀ ਰਾਮ ਦੀ ਕਥਾ ਦਾ ਗ੍ਰੰਥ. ਸਭ ਤੋਂ ਪਹਿਲਾ ਰਾਮਾਯਣ, ਆਦਿ ਕਵਿ ਵਾਲਮੀਕਿ ਨੇ ਲਿਖਿਆ ਹੈ, ਜਿਸ ਦਾ ੨੪੦੦੦ ਸ਼ਲੋਕ ਅਤੇ ੬੪੭ ਸਰਗ (ਅਧ੍ਯਾਯ) ਹਨ.¹ ਇਹ ਸੱਤ ਕਾਂਡਾਂ ਵਿੱਚ ਹੈ-#(੧) ਬਾਲ ਕਾਂਡ. ਸ਼੍ਰੀ ਰਾਮ ਜੀ ਦਾ ਜਨਮ ਅਤੇ ਬਾਲਲੀਲਾ ਆਦਿਕ ਦਾ ਵਰਣਨ.#(੨) ਅਯੋਧ੍ਯਾ ਕਾਂਡ. ਦਸ਼ਰਥ ਦੀ ਰਾਜਧਾਨੀ ਦਾ ਵਰਣਨ ਅਤੇ ਰਾਮ ਨੂੰ ਵਨਵਾਸ ਤਕ ਦੀ ਕਥਾ.#(੩) ਆਰਣ੍ਯ ਕਾਂਡ. ਰਾਮ ਦੇ ਵਨਵਾਸ ਦਾ ਪ੍ਰਸੰਗ ਅਤੇ ਸੀਤਾਹਰਣ ਆਦਿ ਕਥਾ.#(੪) ਕਿਸਕਿੰਧਾ ਕਾਂਡ. ਰਾਮਚੰਦ੍ਰ ਜੀ ਦਾ ਸੁਗ੍ਰੀਵ ਦੀ ਰਾਜਧਾਨੀ ਕਿਸਕਿੰਧਾ ਪਾਸ ਰਹਿਣਾ ਅਤੇ ਸੀਤਾ ਦੇ ਖੋਜ ਦਾ ਯਤਨ.#(੫) ਸੁੰਦਰ ਕਾਂਡ. ਹਨੁਮਾਨ ਦ੍ਵਾਰਾ ਸੀਤਾ ਦਾ ਪਤਾ ਲੈਣਾ ਅਤੇ ਰਾਮਚੰਦ੍ਰ ਜੀ ਦਾ ਸੈਨਾ ਸਮੇਤ ਬਹੁਤ ਸੁੰਦਰ ਰਸਤਿਆਂ ਵਿੱਚਦੀਂ ਲੰਘਕੇ ਲੰਕਾ ਵੱਲ ਜਾਣਾ.#(੬) ਯੁੱਧ ਕਾਂਡ, ਅਥਵਾ ਲੰਕਾ ਕਾਂਡ. ਰਾਵਣ ਨਾਲ ਲੜਾਈ, ਸੀਤਾ ਨੂੰ ਵਾਪਿਸ ਲੈਕੇ ਅਯੋਧ੍ਯਾ ਵਿੱਚ ਪ੍ਰਵੇਸ਼ ਅਤੇ ਰਾਮ ਦਾ ਰਾਜਸਿੰਘਸਨ ਪੁਰ ਬੈਠਣਾ.#(੭) ਉੱਤਰ ਕਾਂਡ. ਰਾਮ ਦਾ ਅਯੋਧ੍ਯਾ ਵਿੱਚ ਨਿਵਾਸ, ਸੀਤਾ ਨੂੰ ਵਨਵਾਸ, ਲਵ ਕੁਸ਼ ਦਾ ਜਨਮ, ਅਸ਼੍ਵਮੇਧ ਯਗ੍ਯ ਦਾ ਕਰਨਾ ਅਤੇ ਸੀਤਾ ਦਾ ਫਿਰ ਮਿਲਾਪ ਹੋਣਾ ਤਥਾ ਰਾਮ ਦਾ ਪਰਿਵਾਰ ਸਮੇਤ ਦੇਵਲੋਕ ਗਮਨ.#ਪਸ਼੍ਚਿਮੀ ਵਿਦ੍ਵਾਨਾਂ ਦਾ ਖਿਆਲ ਹੈ ਕਿ ਇਹ ਰਾਮਾਯਣ ਸਨ ਈਸਵੀ ਤੋਂ ਪਹਿਲਾਂ ੪੦੦- ੨੦੦ ਵਰ੍ਹੇ ਦੇ ਅੰਦਰ ਲਿਖਿਆ ਗਿਆ ਹੈ.#ਵਾਲਮੀਕਿ ਤੋਂ ਪਿੱਛੋਂ ਵ੍ਯਾਸ ਜੀ ਨੇ ਅਧ੍ਯਾਤਮ ਰਾਮਾਯਣ ਲਿਖਿਆ, ਜੋ ਬ੍ਰਹਮਾਂਡ ਪੁਰਾਣ ਦਾ ਇੱਕ ਭਾਗ ਹੈ. ਇਸ ਦਾ ਛੰਦਾਂ ਵਿੱਚ ਭਾਈ ਗੁਲਾਬਸਿੰਘ ਜੀ ਨੇ ਸੁੰਦਰ ਹਿੰਦੀ ਉਲਥਾ ਕੀਤਾ ਹੈ.#ਹਨੁਮਾਨਨਾਟਕ ਆਦਿ ਅਨੇਕ ਰਾਮਾਯਣ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਦੀ ਗਿਣਤੀ ੩੦ ਤੋਂ ਵਧੀਕ ਹੈ. ਹਿੰਦੀ ਭਾਸਾ ਵਿੱਚ ਤੁਲਸੀਦਾਸ ਕ੍ਰਿਤ ਚੌਪਾਈ ਰਾਮਾਯਣ ਅਤੇ ਹ੍ਰਿਦਯਰਾਮ ਕ੍ਰਿਤ ਹਨੁ ਨਾਟਕ, ਬਹੁਤ ਮਨੋਹਰ ਹਨ.
ماخذ: انسائیکلوپیڈیا