ਵਿਸ਼ਵਾਮਿਤਰ
vishavaamitara/vishavāmitara

تعریف

¹ ਰਿਗਵੇਦ ਅਨੁਸਾਰ ਕੁਸ਼ਿਕ ਦਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਕਾਨ੍ਯਕੁਬਜ ਦੇ ਪੁਰੁਵੰਸ਼ੀ ਰਾਜਾ ਗਾਧਿ ਦਾ ਪੁਤ੍ਰ ਇੱਕ ਪ੍ਰਤਾਪੀ ਰਿਖੀ, ਜੋ ਛਤ੍ਰੀ ਹੋਣ ਪੁਰ ਭੀ ਬ੍ਰਹਮਰਿਖੀ ਪਦਵੀ ਨੂੰ ਪ੍ਰਾਪਤ ਹੋਇਆ. ਇਸ ਦਾ ਅਸਲ ਨਾਮ ਵਿਸ਼੍ਵਰਥ ਹੈ. ਬਹੁਤਿਆਂ ਨੇ ਲਿਖਿਆ ਹੈ ਕਿ ਇਹ ਕੁਸ਼ਕ ਦੀ ਵੰਸ਼ (ਕੁਲ) ਵਿੱਚ ਹੋਇਆ ਹੈ. ਇਸ ਕਰਕੇ ਕੌਸ਼ਿਕ ਸੱਦੀ ਦਾ ਹੈ. ਵਿਸ਼ਵਾਮਿਤ੍ਰ ਰਾਮਚੰਦ੍ਰ ਜੀ ਦਾ ਅਸ੍ਤਗੁਰੁ ਸੀ, ਅਰ ਆਪਣੇ ਯਗ੍ਯ ਦੀ ਰਖ੍ਯਾ ਲਈ ਦਸ਼ਰਥ ਤੋਂ ਰਾਮ ਨੂੰ ਮੰਗਕੇ ਲੈਗਿਆ ਸੀ. ਵਸ਼ਿਸ੍ਠ ਰਿਖੀ ਨਾਲ ਵਿਸ਼੍ਵਾਮਿਤ੍ਰ ਦਾ ਭਾਰੀ ਵਿਰੋਧ ਸੀ, ਜਿਸ ਦਾ ਕਾਰਣ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਦੋਵੇਂ ਰਾਜਾ ਸੌਦਾਸ ਦੇ ਪੁਰੋਹਿਤ ਹੋਣ ਪਿੱਛੇ ਆਪੋਵਿੱਚੀਂ ਲੜਦੇ ਰਹਿਂਦੇ ਸਨ. ਮਾਰਕੰਡੇਯ ਪੁਰਾਣ ਵਿੱਚ ਵਿਸ਼੍ਵਾਮਿਤ੍ਰ ਨੂੰ ਹਰਿਸ਼ਚੰਦ੍ਰ ਦਾ ਪੁਰੋਹਿਤ ਲਿਖਿਆ ਹੈ. ਵਸ਼ਿਸ੍ਠ ਨਾਲ ਵੈਰ ਦਾ ਕਾਰਣ ਇਹ ਭੀ ਪੁਰਾਣਾਂ ਨੇ ਦੱਸਿਆ ਹੈ ਕਿ ਵਿਸ਼੍ਵਾਮਿਤ੍ਰ, ਵਸ਼ਿਸ੍ਠ ਦੀ ਨੰਦਿਨੀ ਗਊ ਜੋ ਸਭ ਮਨਵਾਂਛਿਤ ਪਦਾਰਥ ਦਿੰਦੀ ਸੀ, ਖੋਹ ਲੈਣਾ ਚਾਹੁੰਦਾ ਸੀ. ਕਈਆਂ ਨੇ ਲਿਖਿਆ ਹੈ ਕਿ ਵਿਸ਼੍ਵਾਮਿਤ੍ਰ ਨੂੰ ਵਸ਼ਿਸ੍ਠ ਬ੍ਰਹਮਰਿਖੀ ਨਹੀਂ ਮੰਨਦਾ ਸੀ, ਇਸ ਲਈ ਝਗੜਾ ਸੀ.#ਵਿਸ਼੍ਵਾਮਿਤ੍ਰ ਦੀ ਉਤਪੱਤੀ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਾ ਗਾਧਿ ਨੇ ਆਪਣੀ ਪੁਤ੍ਰੀ ਸਤ੍ਯਵਤੀ, ਰਿਚੀਕ (ऋचीक) ਰਿਖੀ ਨੂੰ ਦਿੱਤੀ. ਇੱਕ ਵਾਰ ਰਿਚੀਕ ਨੇ ਮੰਤ੍ਰ ਦੇ ਬਲ ਨਾਲ ਦੋ ਭੋਜਨ ਸੰਤਾਨ ਪੈਦਾ ਕਰਨ ਦੀ ਸ਼ਕਤਿ ਵਾਲੇ ਤਿਆਰ ਕੀਤੇ ਅਰ ਆਪਣੀ ਇਸਤ੍ਰੀ ਸਤ੍ਯਵਤੀ ਨੂੰ ਦੇਕੇ ਆਖਿਆ ਕਿ ਇਹ ਭੋਜਨ ਤੂੰ ਖਾਲੈ, ਇਸ ਦੇ ਅਸਰ ਨਾਲ ਬ੍ਰਾਹਮਣਾਂ ਦੇ ਗੁਣ ਰੱਖਣ ਵਾਲਾ ਤੇਰੇ ਪੁਤ੍ਰ ਹੋਊ, ਅਰ ਇਹ ਦੂਜਾ ਭੋਜਨ ਤੂੰ ਆਪਣੀ ਮਾਂ ਨੂੰ ਦੇਦੇ, ਇਸ ਦੇ ਅਸਰ ਤੋਂ ਛਤ੍ਰੀਆਂ ਦੇ ਗੁਣਾਂ ਵਾਲਾ ਬੇਟਾ ਹੋਵੇਗਾ.#ਸਤ੍ਯਵਤੀ ਨੇ ਦੋਵੇਂ ਭੋਜਨ ਆਪਣੀ ਮਾਂ ਅੱਗੇ ਰੱਖਕੇ ਉਨ੍ਹਾਂ ਦੇ ਗੁਣ ਦੱਸੇ. ਮਾਤਾ ਨੇ ਪੁਤ੍ਰੀ ਵਾਲਾ ਭੋਜਨ ਆਪ ਖਾਧਾ ਅਤੇ ਆਪਣਾ ਪੁਤ੍ਰੀ ਨੂੰ ਦੇ ਦਿੱਤਾ, ਜਿਸ ਤੋਂ ਸਤ੍ਯਵਤੀ ਦੇ ਪੇਟੋਂ ਛਤ੍ਰੀ ਦੇ ਗੁਣਾਂ ਵਾਲਾ ਜਮਦਗਨਿ ਪੈਦਾ ਹੋਇਆ ਅਤੇ ਗਾਧਿ ਦੀ ਰਾਣੀ ਦੇ ਉਦਰ ਤੋਂ ਬ੍ਰਾਹਮਣ ਗੁਣਧਾਰੀ ਵਿਸ਼੍ਵਾਮਿਤ੍ਰ ਜਨਮਿਆ. ਦੇਖੋ, ਗਾਲਵ, ਬਸਿਸਟ ਅਤੇ ਰਿਚਾਕ.
ماخذ: انسائیکلوپیڈیا