ਵੇਸੁ
vaysu/vēsu

تعریف

(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. ਸੰਗ੍ਯਾ- ਪ੍ਰਵੇਸ਼. ਦਖਲ। ੨. ਰਹਿਣ ਦਾ ਥਾਂ. ਘਰ. ਤੰਬੂ। ੩. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹। ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ." (ਸ. ਫਰੀਦ) ੪. ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ੫. ਵੇਸ਼੍ਯਾ (ਕੰਚਨੀ) ਦਾ ਘਰ। ੬. ਵਪਾਰ. ਵਣਿਜ। ੭. ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ." (ਮਃ ੧. ਵਾਰ ਮਾਝ) ੮. ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ." (ਸੋਹਿਲਾ) ੯. ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ.; ਦੇਖੋ, ਵੇਸ ੯। ੨. ਕੁਕਰਮ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ਦੇਖੋ, ਵੇਸ ੪.
ماخذ: انسائیکلوپیڈیا