ਸ਼ਿਵਾਜੀ
shivaajee/shivājī

تعریف

ਇਹ ਮਰਹਟਾ (ਮਹਾਰਾਸ੍ਟ੍ਰ) ਵੰਸ਼ ਦਾ ਭੂਸਣ, ਜੀਜਾਬਾਈ ਦੇ ਉਦਰ ਤੋਂ ਸ਼ਾਹ ਜੀ ਭੋਂਸਲਾ ਦਾ ਪੁਤ੍ਰ ਸੀ ੧੬੨੭ ਵਿੱਚ ਸ਼ਿਵਨੇਰ ਦੇ ਕਿਲੇ (ਪੂਨਾ ਦੇ ਪਾਸ) ਜਨਮਿਆ. ਇਸ ਦਾ ਪਿਤਾ ਸ਼ਿਵਾ (ਦੁਰਗਾ) ਦਾ ਪਰਮ ਭਗਤ ਸੀ, ਇਸ ਕਰਕੇ ਪੁਤ੍ਰ ਦਾ ਨਾਉਂ ਸ਼ਿਵਾ ਜੀ ਰੱਖਿਆ. ਸ਼ਿਵਾ ਜੀ ਨੇ ਆਪਣੀ ਮਾਤਾ ਅਤੇ ਅਤਾਲੀਕ ਜਾਦੋ ਜੀ ਬ੍ਰਾਹਮਣ ਤੋਂ ਹਿੰਦੂਮਤ ਦੀ ਸਿਖ੍ਯਾ ਪਾਈ. ਇਸ ਦਾ ਗੁਰੂ ਮਹਾਤਮਾ ਸਮਰਥ ਰਾਮਦਾਸ ਸੀ, ਜਿਸ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਮਰਹਟਾ ਕੌਮ ਨੂੰ ਇੱਕ ਕਰੋ ਅਰ ਧਰਮ ਦੀ ਰਖ੍ਯਾ ਕਰੋ.#ਸ਼ਿਵਾ ਜੀ ਨੇ ਆਪਣੀ ਇਤਨੀ ਤਾਕਤ ਵਧਾ ਲਈ ਕਿ ਇਹ ਮਰਹਟਾ ਕੌਮ ਦਾ ਮਹਾਰਾਜਾ ਮੰਨਿਆ ਗਿਆ. ਇਸ ਨੇ ਬੀਜਾਪੁਰ ਅਰ ਗੋਲਕੰਡੇ ਤੋਂ ਖਿਰਾਜ ਵਸੂਲ ਕੀਤਾ. ਸ਼ਿਵਾ ਜੀ ਨੇ ਇਕ ਵਾਰ ਔਰੰਗਜ਼ੇਬ ਦੀ ਤਾਬੇਦਾਰੀ ਭੀ ਮੰਨ ਲਈ ਸੀ, ਪਰ ਜਦ ਦਿੱਲੀ ਦਰਬਾਰ ਵਿੱਚ ਹਾਜਿਰ ਹੋਇਆ ਤਦ ਸਲੂਕ ਚੰਗਾ ਨਾ ਦੇਖਕੇ ਮਨ ਫੇਰ ਲਿਆ. ਬਾਦਸ਼ਾਹ ਨੇ ਇਸ ਨੂੰ ਕੈਦ ਕਰ ਲਿਆ ਪਰ ਇਹ ਮਥੁਰਾ ਦੇ ਬ੍ਰਾਹਮਣਾਂ ਨੂੰ ਭੋਜਨ ਭੇਜਣ ਦੇ ਬਹਾਨੇ ਇੱਕ ਮਿਠਾਈ ਦੀ ਵਡੀ ਚੰਗੇਰ ਵਿੱਚ ਬੈਠਕੇ ਨਿਕਲ ਗਿਆ ਅਰ ਮੁਗਲਰਾਜ ਦਾ ਵੈਰੀ ਬਣਕੇ ਹਮੇਸ਼ਾਂ ਦੁੱਖ ਦਿੰਦਾ ਰਿਹਾ.#ਸ਼ਿਵਾ ਜੀ ਨੇ ਸਨ ੧੬੭੪ ਵਿੱਚ "ਰਾਇਗੜ੍ਹ" ਵਿੱਚ ਸ਼ਾਹੀ ਤਾਜ ਪਹਿਨਕੇ ਵਡਾ ਭਾਰੀ ਜਲਸਾ ਕੀਤਾ. ਇਹ ਮਹਾਂਵੀਰ ੫੩ ਵਰ੍ਹੇ ਦੀ ਉਮਰ ਵਿੱਚ ੫. ਏਪ੍ਰਿਲ ੧੬੮੦ ਨੂੰ ਕੁਝ ਕਾਲ ਬੀਮਾਰ ਰਹਿਕੇ ਕਾਲਵਸ਼ ਹੋਇਆ. ਸ਼ਿਵਾ ਜੀ ਦੀ ਤਲਵਾਰ ਦਾ ਨਾਉਂ "ਭਵਾਨੀ" ਸੀ, ਜਿਸ ਨੂੰ ਉਹ ਹਰ ਵੇਲੇ ਪਾਸ ਰਖਦਾ ਸੀ.#ਇਹ ਮਹਾਰਾਜਾ ਦੇਸਭਗਤ ਅਤੇ ਧਰਮ ਦਾ ਪ੍ਰੇਮੀ ਸੀ. ਇਸ ਨੇ ਜੰਗ ਵਿੱਚ ਭੀ ਹੁਕਮ ਦੇ ਰੱਖਿਆ ਸੀ ਕਿ ਵੈਰੀ ਦੇ ਧਰਮ ਅਸਥਾਨਾ, ਧਾਰਮਿਕ ਪੁਸਤਕਾਂ ਅਤੇ ਇਸਤ੍ਰੀਆਂ ਨੂੰ ਕੋਈ ਨਾ ਛੇੜੇ.#ਵੀਰ ਰਸ ਦਾ ਅਦੁੱਤੀ ਕਵੀ "ਭੂਸਣ" ਜਿਸ ਦੀ ਕਵਿਤਾ ਸੁਣਕੇ ਕਾਇਰ ਦਾ ਹੱਥ ਭੀ ਬੇਬਸ ਮੁੱਛ ਉੱਪਰ ਪਹੁੰਚਦਾ ਸੀ, ਇਸ ਦੇ ਦਰਬਾਰ ਦਾ ਰਤਨ ਸੀ. ਭੂਸਣ ਆਪਣੇ ਕਾਵ੍ਯ ਵਿੱਚ ਸ਼ਿਵਾ ਜੀ ਨੂੰ "ਸ਼ਿਵਰਾਜ" ਲਿਖਦਾ ਹੈ. ਯਥਾ-#ਇੰਦ੍ਰ ਜਿਮ ਜੰਭ ਪਰ ਬਾੜਵ ਸੁ ਅੰਭ ਪਰ#ਰਾਵਣ ਸਦੰਭ ਪਰ ਰਘੁਕੁਲਰਾਜ ਹੈ,#ਪੌਨ ਵਾਰਿਵਾਹ ਪਰ ਸ਼ੰਭੁ ਰਤਿਨਾਹ ਪਰ#ਜ੍ਯੋਂ ਸਹਸ੍ਰਵਾਹੁ ਪਰ ਰਾਮ ਦ੍ਵਿਜਰਾਜ ਹੈ,#ਦਵ ਦ੍ਰਮ ਦੰਡ ਪਰ ਚੀਤਾ ਮ੍ਰਿਗ ਝੁੰਡ ਪਰ#ਭੂਸਣ ਵਿਤੁੰਡਿ ਪਰ ਜੈਸੇ ਮ੍ਰਿਗਰਾਜ ਹੈ,#ਤੇਜ ਤਮਅੰਸ ਪਰ ਕਾਨ੍ਹ ਜਿਮ ਕੰਸ ਪਰ#ਤ੍ਯੋਂ ਮਲੋੱਛਵੰਸ਼ ਪਰ ਸ਼ੇਰ ਸ਼ਿਵ ਰਾਜ ਹੈ.#ਸ਼ਿਵ ਜੀ ਦਾ ਪੁਤ੍ਰ ਸੰਭਾ ਜੀ ਸ਼ਰਾਬੀ ਅਤੇ ਛੋਟੇ ਦਿਲ ਦਾ ਆਦਮੀ ਸੀ. ਇਸ ਲਈ ਉਹ ਪਿਤਾ ਦੀ ਪ੍ਰਭੁਤਾ ਵਧਾਉਣ ਯੋਗ੍ਯ ਨਾ ਹੋਇਆ. ਇਵੇਂ ਹੀ ਸੰਭਾ ਜੀ ਦਾ ਪੁਤ੍ਰ ਸਾਹੂ ਜੀ, ਦਾਦਾ ਦੇ ਗੁਣਾ ਤੋਂ ਖਾਲੀ ਸੀ. ਹੁਣ ਕੋਲ੍ਹਾਪੁਰ ਦਾ ਰਾਜ ਸ਼ਿਵਾ ਜੀ ਦੀ ਵੰਸ਼ ਦੀ ਯਾਦ ਦਿਲਾਉਂਦਾ ਹੈ.
ماخذ: انسائیکلوپیڈیا