ਸਮਾਨਾ
samaanaa/samānā

تعریف

ਦੇਖੋ, ਸਮਾਣਾ। ੨. ਸੰਗ੍ਯਾ- ਸਾਯਬਾਨ. ਚੰਦੋਆ. ਸ਼ਾਮਿਆਨਾ. "ਊਚ ਸਮਾਨਾ ਠਾਕੁਰ ਤੇਰੋ, ਅਵਰ ਨ ਕਾਹੂ ਤਾਨੀ." (ਟੋਡੀ ਮਃ ੫) ਉੱਚਾ ਸਾਯਬਾਨ (ਆਕਾਸ਼ ਮੰਡਲ) ਤੇਰਾ ਹੈ ਅਤੇ ਤੇਥੋਂ ਬਿਨਾ ਉਹ ਹੋਰ ਕਿਸੇ ਦੇ ਬਲ (ਤਾਨ) ਦੇ ਆਸਰੇ ਨਹੀਂ।#੩. ਪਟਿਆਲੇ ਰਾਜ ਅੰਦਰ ਇੱਕ ਨਗਰ, ਜੋ ਰਾਜਧਾਨੀ ਤੋਂ ੧੭. ਮੀਲ ਦੱਖਣ ਪੱਛਮ ਹੈ. ਫ਼ਾਰਿਸ ਦਾ "ਸਮਾਨਿਦ" ਖ਼ਾਨਦਾਨ ਇਸ ਥਾਂ ਪਹਿਲਾਂ ਵਸਿਆ ਸੀ, ਜਿਸ ਕਾਰਣ ਇਹ ਨਾਉਂ ਹੋਇਆ. ਇਸ ਥਾਂ ਬਾਰੀਕ ਵਸਤ੍ਰ ਢਾਕੇ ਵਾਙ ਬਹੁਤ ਚੰਗਾ ਬਣਿਆ ਕਰਦਾ ਸੀ, ਜਿਸ ਦਾ ਜਿਕਰ ਕਈ ਯੂਰਪ ਦੇ ਲੇਖਕਾਂ ਨੇ ਕੀਤਾ ਹੈ. ਸਮਾਨੇ ਦੇ ਵਸਨੀਕ ਜਲਾਲੁੱਦੀਨ ਜੱਲਾਦ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿੱਚ ਕਤਲ ਕੀਤਾ ਸੀ. ਇੱਥੋਂ ਦੇ ਹੀ ਸੈਯਦਾਂ ਨੇ ਸ਼੍ਰੀ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦਿਆਂ ਦੇ ਵਿਰੁੱਧ ਕੋਹੇ ਜਾਣ ਦਾ ਫਤਵਾ ਦਿੱਤਾ ਸੀ ਅਤੇ ਇੱਥੋਂ ਦੇ ਹੀ ਜੱਲਾਦਾਂ ਨੇ ਸਾਹਿਬਜ਼ਾਦੇ ਕੋਹੇ ਸਨ. ਇਸ ਲਈ ਬੰਦਾ ਬਹਾਦੁਰ ਨੇ ਖਾਲਸੇ ਨਾਲ ਮਿਲਕੇ ਸੰਮਤ ੧੭੬੬ (ਸਨ ੧੭੦੮) ਵਿੱਚ ਇਸ ਨਗਰ ਨੂੰ ਫਤੇ ਕਰਕੇ ਪਾਪੀਆਂ ਨੂੰ ਕਰਮਫਲ ਭੁਗਾਇਆ.#ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਬਹਾਦੁਰਗੜ੍ਹ ਤੋਂ ਚਲਕੇ ਸਮਾਨੇ ਪਧਾਰੇ ਹਨ, ਪਰ ਹੁਣ ਉਹ ਅਸਥਾਨ, ਜਿਥੇ ਗੁਰੂ ਸਾਹਿਬ ਨੇ ਡੇਰਾ ਕੀਤਾ ਸੀ, ਸਮਾਨੇ ਦੀ ਹੱਦ ਤੋਂ ਬਾਹਰ ਹੈ. ਦੇਖੋ, ਗੜ੍ਹੀ ਨਜ਼ੀਰ।#੪. ਸ਼ਾਮਿਲ ਹੋਇਆ. ਭਾਵ- ਗਿਣਤੀ ਵਿੱਚ ਆਇਆ. "ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ." (ਮਾਰ ਅਃ ਮਃ ੧) ਮਨਮੁਖਾਂ ਦੀ ਗਿਣਤੀ ਪਸ਼ੂਆਂ ਵਿੱਚ ਹੈ.
ماخذ: انسائیکلوپیڈیا