ਹਣਵੰਤੁ
hanavantu/hanavantu

تعریف

ਸੰ. हनुमात ਅਤੇ हनुमान ਹਨੁਮਤ ਅਤੇ ਹਨੁਮਾਨ. ਵਿ- ਜਿਸਦਾ ਹਨੁ (ਜਬਾੜਾ) ਵਧਿਆ ਹੋਇਆ ਹੋਵੇ। ੨. ਸੰਗ੍ਯਾ- ਸੁਗ੍ਰੀਵ ਦਾ ਮੰਤ੍ਰੀ ਅਤੇ ਸ਼੍ਰੀ ਰਾਮ ਦਾ ਪਰਮ ਭਗਤ ਮਹਾ ਪਰਾਕ੍ਰਮੀ ਇੱਕ ਯੋਧਾ. ਵਾਲਮੀਕ ਕਾਂਡ ੪, ਅਃ ੬੬ ਵਿੱਚ ਲੇਖ ਹੈ ਕਿ ਅਪਸਰਾ "ਪੁੰਜਕਸ੍‍ਥਲਾ" ਜਿਸ ਨੂੰ "ਅੰਜਨਾ" ਭੀ ਆਖਦੇ ਹਨ, ਕੇਸਰੀ ਦੀ ਇਸਤ੍ਰੀ ਵਡੀ ਸੁੰਦਰ ਸੀ. ਉਸ ਨੂੰ ਦੇਖਕੇ ਪਵਨ ਦੇਵਤਾ ਕਾਮਾਤੁਰ ਹੋਕੇ ਲਿਪਟ ਗਿਆ, ਜਿਸ ਤੋਂ ਇਹ ਬਲੀ ਪੁਤ੍ਰ ਜਨਮਿਆ, ਜੋ ਉਸੇ ਦਿਨ ਸੂਰਜ ਨੂੰ ਫਲ ਜਾਣਕੇ ਖਾਣ ਲਈ ਕੁੱਦਿਆ. ਇੰਦ੍ਰ ਨੇ ਸੂਰਜ ਦੀ ਰਖ੍ਯਾ ਕਰਨ ਲਈ ਬਾਲਕ ਨੂੰ ਵਜ੍ਰ ਮਾਰਕੇ ਜਮੀਨ ਤੇ ਸੁੱਟ ਦਿੱਤਾ, ਜਿਸ ਤੋਂ ਬੱਚੇ ਦਾ ਹਨੁ (ਜਬਾੜਾ) ਵਿੰਗਾ ਹੋ ਗਿਆ. ਇਸ ਕਾਰਣ ਨਾਉਂ ਹਨੂਮਾਨ ਹੋਇਆ.#ਅਨੇਕ ਪੁਸਤਕਾਂ ਵਿੱਚ ਹਨੂਮਾਨ ਨੂੰ ਬਾਂਦਰ ਲਿਖਿਆ ਹੈ, ਕਿਤਨਿਆਂ ਦਾ ਖਿਆਲ ਹੈ ਕਿ ਇਹ ਬਨਚਰ (ਜੰਗਲੀ) ਲੋਕਾਂ ਵਿੱਚੋਂ ਸੀ ਅਤੇ ਬਨਵਾਸੀ ਰਿਖੀਆਂ ਤੋਂ ਵਿਦ੍ਯਾ ਪੜ੍ਹਕੇ ਵਿਦ੍ਵਾਨ ਹੋ ਗਿਆ ਸੀ. ਵਾਲਮੀਕ ਕਾਂਡ ੪, ਅਃ ੩. ਵਿੱਚ ਲਿਖਿਆ ਹੈ ਕਿ ਹਨੂਮਾਨ ਦੀ ਗੁਫਤਗੂ ਸੁਣਕੇ ਸ੍ਰੀ ਰਾਮ ਨੇ ਆਖਿਆ ਕਿ ਅਜਿਹੀ ਸ਼ੁੱਧ ਸੰਸਕ੍ਰਿਤ ਬਿਨਾ ਵੇਦਾਦਿਕ ਉੱਤਮ ਗ੍ਰੰਥ ਪੜ੍ਹੇ ਕੋਈ ਨਹੀਂ ਬੋਲ ਸਕਦਾ, ਜੇਹੀ ਹਨੂਮਾਨ ਬੋਲਦਾ ਹੈ. "ਹਣਵੰਤਰੁ ਆਰਾਧਿਆ." (ਸਵਾ ਮਃ ੧) "ਹਣਵੰਤੁ ਜਾਗੈ ਧਰਿ ਲੰਕੂਰ." (ਬਸੰ ਕਬੀਰ) ਦੇਖੋ, ਹਨੁਮਾਨ ਨਾਟਕ.
ماخذ: انسائیکلوپیڈیا