ਹੇਤੁ
haytu/hētu

تعریف

ਸੰ. ਸੰਗ੍ਯਾ- ਫਲ. ਨਤੀਜਾ। ੨. ਕਾਰਣ. ਸਬਬ. "ਸਰਬ ਕਲੇਸ਼ਨ ਹੇਤੁ ਅਵਿਦ੍ਯਾ." (ਗੁਪ੍ਰਸੂ) ੩. ਹਿਤੂ ਦੀ ਥਾਂ ਭੀ ਹੇਤੁ ਸ਼ਬਦ ਆਇਆ ਹੈ. "ਸੰਪੈ ਹੇਤੁ ਕਲਤ ਧਨ ਤੇਰੈ." (ਭੈਰ ਕਬੀਰ) "ਨਾਨਕ ਸਚੇ ਨਾਮ ਵਿਣ ਸਭੋ ਦੁਸਮਨ ਹੇਤੁ." (ਵਾਰ ਸੂਹੀ ਮਃ ੧) ੪. ਇੱਕ ਸ਼ਬਦਾਲੰਕਾਰ. ਕਾਰਜ ਅਰ ਕਾਰਣ ਦਾ ਇੱਕ ਸਾਥ ਵਰਣਨ ਕਰਨਾ "ਹੇਤੁ" ਅਲੰਕਾਰ ਹੈ.#ਉਦਾਹਰਣ-#ਜਿਨਿ ਸੇਵਿਆ ਤਿਨਿ ਪਾਇਆ ਮਾਨੁ. (ਜਪੁ)#ਸੇਵਨ ਕਾਰਣ ਹੈ, ਮਾਨ ਦੀ ਪ੍ਰਾਪਤੀ ਕਾਰਜ ਹੈ.#ਸਾਧ ਕੈ ਸੰਗਿ ਨਹੀ ਕਿਛੁ ਘਾਲ,#ਦਰਸਨ ਭੇਟਤ ਹੋਤ ਨਿਹਾਲ. (ਸੁਖਮਨੀ)#ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ#ਬੁਧਿ ਕੀ ਨ ਬੁਧਿ ਰਹੀ ਮਤਿ ਮੇ ਨ ਮਤਿ ਹੈ.#(ਭਾਗੁ ਕ)#ਦਰਸਨ ਕਾਰਣ ਹੈ, ਸੁਧ ਬੁਧਿ ਦਾ ਲੋਪ ਹੋਣਾ ਕਾਰਜ ਹੈ.#(ਅ) ਕਾਰਜ ਨਾਲ ਕਾਰਣ ਦੀ ਅਭੇਦਤਾ ਵਰਣਨ ਕਰਨੀ ਹੇਤੁ ਦਾ ਦੂਜਾ ਰੂਪ ਹੈ.#ਉਦਾਹਰਣ-#ਕਹਿ ਕਬੀਰ ਅਬ ਕਹੀਐ ਕਾਹਿ,#ਸਾਧਿ ਸੰਗਤਿ ਬੈਕੁੰਠੈ ਆਹਿ.#(ਭੈਰ ਕਬੀਰ)#ਸਾਧਸੰਗ ਵੈਕੁੰਠ ਪ੍ਰਾਪਤੀ ਦਾ ਕਾਰਣ ਹੈ, ਪਰ ਇੱਥੇ ਦਿਖਾਇਆ ਹੈ ਕਿ ਸਾਧਸੰਗ ਹੀ ਵੈਕੁੰਠ ਹੈ, ਉਸ ਤੋਂ ਭਿੰਨ ਵੈਕੁੰਠ ਨਹੀਂ। ੫. ਹਿਤ (ਮੋਹ) ਵਾਸਤੇ ਭੀ ਹੇਤੁ ਸ਼ਬਦ ਆਇਆ ਹੈ. "ਹੰਸੁ ਹੇਤੁ ਲੋਭ ਕੋਪ." (ਵਾਰ ਮਾਝ ਮਃ ੧) ਹਿੰਸਾ ਮੋਹ ਲੋਭ ਅਤੇ ਕ੍ਰੋਧ। ੬. ਹਿਤ (ਪਿਆਰ) ਵਾਸਤੇ ਭੀ ਹੇਤੁ ਹੈ. "ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ." (ਧਨਾ ਮਃ ੫)
ماخذ: انسائیکلوپیڈیا