ਏਧਰ ਕਣਕਾਂ, ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਧਾਈਏ ਧਾਈਏ ਧਾਈਏ,
ਧਰਤੀ ਪੱਟ ਸੁੱਟੀਏ,
ਅਸੀਂ ਜਿੱਥੇ ਮੇਲਣਾਂ ਜਾਈਏ।
ਧਰਤੀ ਪੱਟ…
ਰੜਕੇ ਰੜਕੇ ਰੜਕੇ,
ਤੇਰੇ ਨਾਲ ਗੱਲ ਕਰਨੀ,
ਜ਼ਰਾ ਸੁਣ ਲੈ ਮੋੜ ਤੇ ਖੜ੍ਹਕੇ...
ਨੌਕਰ ਨੂੰ ਤਾਂ ਨਾਰ ਪਿਆਰੀ,
ਜਿਉਂ ਵਾਹਣਾਂ ਨੂੰ ਪਾਣੀ।
ਲੱਗੀ ਦੋਸਤੀ ਚੱਕੀਆਂ ਸ਼ਰਮਾਂ,
ਰੋਟੀ ਕੱਠਿਆਂ ਖਾਣੀ।
ਭਿੱਜ ਗਈ ਬਾਹਰ ਖੜ੍ਹੀ,
ਤੈਂ ਛੱਤਰੀ ਨਾ ਤਾਣੀ।
ਅੱਡੀ ਵੱਜਦੀ ਜੈ ਕੁੜੇ ਤੇਰੀ,
ਲੋਕਾਂ ਦੇ ਚੁਬਾਰੇ ਹਿੱਲਦੇ।
ਅੱਡੀ…
ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ‘ਚ ਮੈਂ ਪਤਲੀ ਪਤੰਗ ਮੁੰਡਿਆ,
ਦੇਵਾਂ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆ।
ਦੇਵਾਂ ਆਸ਼ਕਾਂ…
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਦੀ ਲੰਘ ਗਈ ਵੱਛੀ,
ਨੀ ਨਣਦੇ ਮੋਰਨੀਏ ਘਰ ਜਾਕੇ ਨਾ ਦੱਸੀ।
ਨੀ ਨਣਦੇ….
ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਂਵੀਂ ਪਾਕੇ,
ਨੀ ਬੜਾ ਮੋੜਿਆ ਨਹੀਂਓ ਮੁੜਦਾ,
ਵੇਖ ਲਿਆ ਸਮਝਾਕੇ।
ਸਈਓ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਹਿੱਕ ਦਾ ਤਬੀਤ ਬਣਾਕੇ।
ਸਈਓ ਨੀ ਮੈਨੂੰ…..
ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬੰਨ੍ਹ ਦਰਵਾਜੇ, ਵੇ ਬੋਤੇ ਤੇਰੇ ਨੂੰ ਭਾਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ, ਗਿੱਧੇ ਦੇ ਵਿਚ ਨੱਚਦੀ ਦੀ,
ਧਮਕ ਪਵੇ ਦਰਵਾਜੇ।
ਗਿੱਧੇ ਵਿਚ ….