ਪਰਿਭਾਸ਼ਾ
ਸੰ. सत् ਸੰਗ੍ਯਾ- ਸੱਚ. ਸਤ੍ਯ। ੨. ਪਤਿਵ੍ਰਤ. "ਬਿਨੁ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) ੩. ਪਰਮਾਤਮਾ. ਬ੍ਰਹ੍ਮ। ੪. ਆਦਰ. ਸਨਮਾਨ। ੫. ਸਤੋਗੁਣ. "ਰਜ ਤਮ ਸਤ ਕਲ ਤੇਰੀ ਛਾਇਆ." (ਮਾਰੂ ਸੋਲਹੇ ਮਃ ੧) ੬. ਵਿ- ਸਾਧੁ. ਭਲਾ। ੭. ਪੂਜ੍ਯ। ੮. ਪ੍ਰਸ਼ੰਸਿਤ. ਸਲਾਹਿਆ ਹੋਇਆ। ੯. ਪ੍ਰਤੱਖ. ਵਿਦ੍ਯਮਾਨ। ੧੦. ਸੰ. सत्य ਸਤ੍ਯ. ਸੰਗ੍ਯਾ- ਸਤਯੁਗ। ੧੧. ਸੁਗੰਦ. ਕਸਮ। ੧੨. ਸਿੱਧਾਂਤ. ਤਾਤਪਰਯ। ੧੩. ਤਪੋ ਲੋਕ ਤੋਂ ਉਪਰਲਾ ਲੋਕ. ਬ੍ਰਹਮਲੋਕ। ੧੪. ਸੰ. सत्व ਸਤ੍ਵ ਪ੍ਰਾਣ. "ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦਤੁ ਕੀਆ." (ਮਾਰੂ ਜੈਦੇਵ) ਚੰਦ੍ਰਮਾ ਨਾੜੀ ਦ੍ਵਾਰਾ ਸ੍ਵਾਸ ਅੰਦਰ ਕੀਤੇ, ਓਅੰਨਾਦ (ਧੁਨਿ) ਨਾਲ ਪ੍ਰਾਣਾਂ ਨੂੰ ਠਹਿਰਾਇਆ, ਸੂਰਜ ਦੀ ਨਾੜੀ ਦ੍ਵਾਰਾ ਸੋਲਾਂ ਵਾਰ ਓਅੰ ਧੁਨਿ ਨਾਲ ਬਾਹਰ ਕੱਢਿਆ. ਅਰਥਾਤ- ਪੂਰਕ ਕੁੰਭਕ ਅਤੇ ਰੇਚਕ ਕੀਤਾ। ੧੫. ਜੀਵਾਤਮਾ। ੧੬. ਮਨ। ੧੭. ਬਲ। ੧੮. ਅਰਕ. ਸਾਰ. ਨਿਚੋੜ। ੧੯. ਸੁਭਾਉ। ੨੦. ਉਮਰ। ੨੧. ਧਨ। ੨੨. ਉਤਸਾਹ। ੨੩. ਧੀਰਜ। ੨੪. ਜੀਵਨ. ਜ਼ਿੰਦਗੀ। ੨੫. ਧਰਮ। ੨੬. ਪੁੰਨ. "ਸਤੀ ਪਾਪ ਕਰਿ ਸਤ ਕਮਾਹਿ." (ਵਾਰ ਰਾਮ ੧ ਮਃ ੧) ੨੭. ਸੰ. सप्त ਸਪ੍ਤ. ਸਾਤ. "ਪੰਦ੍ਰਹਿ ਥਿਤੀਂ ਤੈ ਸਤ ਵਾਰ." (ਬਿਲਾ ਮਃ ੩ ਵਾਰ ੭) ੨੮. ਸੰ शत ਸ਼ਤ ਸੌ. "ਰੇ ਜਿਹਵਾ ਕਰਉ ਸਤ ਖੰਡ। ਜਾਮਿ ਨ ਉਚਰਹਿ ਸ੍ਰੀ ਗੋਬਿੰਦ।।" (ਭੈਰ ਨਾਮਦੇਵ) ੨੯. ਨਿਘੰਟੁ ਵਿੱਚ ਸ਼ਤ ਦਾ ਅਰਥ ਅਨੰਤ ਭੀ ਹੈ, ਜਿਵੇਂ ਸਹਸ੍ਰ ਸ਼ਬਦ ਬੇਅੰਤ (ਅਗਣਿਤ) ਅਰਥ ਵਿੱਚ ਆਇਆ ਹੈ। ੩੦. ਸਤਲੁਜ ਦਾ ਸੰਖੇਪ ਭੀ ਸਤ ਸ਼ਬਦ ਵਰਤਿਆ ਹੈ, ਯਥਾ- "ਸਤ ਸਬਦਾਦਿ ਬਖਾਨਕੈ ਈਸਰਾਸਤ੍ਰ ਕਹਿ ਅੰਤ." (ਸਨਾਮਾ) ਸ਼ਤਦ੍ਰਵ ਦਾ ਈਸ਼ ਵਰੁਣ, ਉਸ ਦਾ ਅਸਤ੍ਰ ਫਾਸੀ। ੩੧. ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੁਤ ਦੀ ਥਾਂ ਭੀ ਸਤ ਸ਼ਬਦ ਲਿਖ ਦਿੱਤਾ ਹੈ, ਯਥਾ- "ਸਭ ਸਮੁਦ੍ਰ ਕੇ ਨਾਮ ਲੈ ਅੰਤ ਸ਼ਬਦ ਸਤ ਦੇਹੁ." (੯੫) ਅਸਲ ਵਿੱਚ ਸਮੁਦ੍ਰਸੁਤ ਚੰਦ੍ਰਮਾ ਹੈ. ਅਰ- "ਪ੍ਰਿਥਮ ਪਵਨ ਕੇ ਨਾਮ ਲੈ ਸਤ ਪਦ ਬਹੁਰ ਬਖਾਨ." ਪਵਨਸੁਤ ਭੀਮਸੇਨ ਹੈ। ੩੨. ਵਿਸ਼ੇਸ ਨਿਰਣੇ ਲਈ ਦੇਖੋ, ਸਤਿ, ਸੱਤ, ਸਤ੍ਯ ਅਤੇ ਸਪਤ ਸ਼ਬਦ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ست
ਅੰਗਰੇਜ਼ੀ ਵਿੱਚ ਅਰਥ
essence, sap, juice; strength, power; virtue, conjugal fidelity, chastity
ਸਰੋਤ: ਪੰਜਾਬੀ ਸ਼ਬਦਕੋਸ਼