ਤੂੰ ਬੜਾ ਅਜੀਬ ਬੰਦਾ ਏਂ, ਇੱਥੇ ਤਾਂ ਤੂੰ ਅੱਜ ਆਇਆ ਹੀ ਨਹੀਂ ਤੇ ਪੈਸੇ ਤੇਰੇ ਇੱਥੇ ਕਿਵੇਂ ਆ ਗਏ । ਉਹੇ ਗੱਲ ਹੋਈ ਨਾ, ‘ਬਲਦ ਗਵਾਇਆ ਥੋਰੀਏ, ਮੁੜ ਮੁੜ ਕਿੱਲਾ ਲੋੜੀਏ'।
ਹਰ ਚੀਜ਼ ਵੇਲੇ ਸਿਰ ਹੀ ਚੰਗੀ ਲਗਦੀ ਹੈ । ‘ਬਰਸੇ ਫਾਗਣ ਦੂਣ ਦੁਆਗਣ, ਬਰਸੇ ਚੇਤ ਨਾ ਖਲ ਨਾ ਖੇਤ'।
ਹੁਣੇ ਕਿਸੇ ਵੇਲੇ ਮੈਂ ਚੁਪੀਤੀ ਹੀ ਤੁਰ ਜਾਵਾਂਗੀ, ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫ਼ਾਤਮਾ ਬਥੇਰੇ ਜੋਰ ਲਾ ਰਹੀ ਪਰ ‘ਬੱਧੇ ਕਦੀ ਨਾ ਰਹਿ ਸਕੇ ਪੰਛੀ ਤੇ ਦਰਵੇਸ਼' ਸਮਾਂ ਦਾਉ ਜਦ ਫਬ ਗਿਆ, ਨਿਕਲ ਤੁਰੇ ਪਰਦੇਸ।
ਭਾਗ ਸੁਲਖਾ- ਇਹ ਇਕ ਵੱਡਾ ਭਾਰੀ ਵਕੀਲ ਹੈ, ਚਾਂਦੀ ਸੋਨੇ ਦਾ ਤਾਂ ਇਸ ਦੇ ਦਰਿਆ ਪਿਆ ਵਗਦਾ ਹੈ, ਅਜ ਇਸ ਦੀ ‘ਬੱਧੀ ਬੱਝਦੀ ਅਤ ਛੱਡੀ ਛੁਟਦੀ ਹੈ।'
ਵਿਹਲੀਆਂ ਗੱਲਾਂ ਛੱਡੋ, ਹਿੰਮਤ ਕਰੋ । ਕੰਮ ਫਤਹ ਹੀ ਫਤਹ ਜੇ । ‘ਬੱਧਾ ਲੱਕ ਮਰੋੜਿਆ ਮੁੰਨਾਂ ਕੋਹ ਲਾਹੌਰ' ਵਾਲੀ ਅਖਾਣ ਸਿਆਣਿਆਂ ਐਵੇਂ ਨਹੀਂ ਕਹੀ।
ਤੁਸਾਂ ਉਸਨੂੰ ਕੀਤੇ ਦੀ ਸਜ਼ਾ ਵੀ ਦੁਆ ਲਈ। ਹੁਣ ਬੱਸ ਕਰੋ । ਸਿਆਣੇ ਆਖਦੇ ਹਨ 'ਬੱਧਾ ਚੋਰ ਤੇ ਛੁੱਟਾ ਝਗੜਾ' ਹੋਰ ਵਧਾਣ ਨਾ ਵਧਾਉ।
ਕਹਿੰਦੇ ਹਨ, ਬੁਰਿਆਈ ਦਾ ਬੇੜਾ ਭਰ ਕੇ ਡੁਬਦਾ ਹੈ। ਜੇ ਅਜੇ ਨਹੀਂ ਡੁੱਬਾ, ਤਾਂ ਚਾਰ ਦਿਨ ਹੋਰ ਉਡੀਕ ਕੇ ਵੇਖਣਾ। ਸ਼ਾਇਦ ਅਜੇ ਦੋ ਚਾਰ ਪੱਥਰਾਂ ਦੀ ਘਾਟ ਰਹਿੰਦੀ ਹੋਵੇ।
ਸੱਜਣਾ ! ਇਹ ਤੇਰੀਆਂ ਕਰਨੀਆਂ, ਲੋਕਾਂ ਤੇ ਪਾਈਆਂ ਕਸ਼ਟਣੀਆਂ ਤੇਰੇ ਤੇ ਇੰਜ ਆ ਪਈਆਂ ? 'ਬਦੀ ਕਰੇ ਪਰ ਨੂੰ, ਆ ਢੁਕੇ ਘਰ ਨੂੰ'। ਹੇ ਸੱਜਣਾ ! ਤੂੰ ਤਾਂ ਕਦੀ ਨਹੀਂ ਸੀ ਸਮਝਿਆ।
ਹੈਂਕੜ ਮਾੜੀ ਚੀਜ਼ ਹੈ । ਜਿਸ ਬ੍ਰਿਛ ਨੂੰ ਫਲ ਲੱਗੇ ਉਹ ਨਿਉਂਦਾ ਹੈ। ‘ਬੱਦਲ ਨੀਵਾਂ ਹੋਕੇ ਵਰ੍ਹਦਾ ਹੈ।' ਤੁਸੀਂ ਨਿਮ੍ਰਤਾ ਅੰਗੀਕਾਰ ਕਰੋ।
ਪੋਠੋਹਾਰ ਵਿੱਚ ਤਾਂ ਇਹ ਪ੍ਰਸਿੱਧ ਗੱਲ ਏ ਜੇ ਬੱਦਲ ਟਿੱਲੇ ਵਲੋਂ ਉਠਣ ਤਾਂ ਰੱਜ ਕੇ ਬਰਖਾ ਹੋਵੇਗੀ। ਇਸ ਲਈ ਤਾਂ ਇਹ ਅਖਾਣ ਮਸ਼ਹੂਰ ਏ ‘ਬਦਲ ਚੜ੍ਹਿਆ ਟਿਲਿਉਂ, ਗਾਂ ਮਹਿੰ ਨਾ ਖੁਲ੍ਹੀ ਕਿਲਿਉਂ।"
ਜੇ ਜੀਣਾ ਲੋੜਦੇ ਹੋ ਤਾਂ ਲੋਕਾਂ ਦੇ ਦੰਦਾਂ ਵਿਚ ਨਾ ਆਓ। ਸਿਆਣਿਆਂ ਆਖਿਆ ਹੈ ਬਦ ਨਾਲੋਂ ਬਦਨਾਮ ਬੁਰਾ'।
ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨੀ ਏਂ, ਉੱਥੇ ਤਾਂ ਜੋ ‘ਬੱਤੀਆਂ ਦੰਦਾਂ ਵਿਚੋਂ ਮੰਗੋ ਹਾਜ਼ਰ' ਏ।