ਗੱਲਾਂ ਹੀ ਗੱਲਾਂ ਨੇ ਉਸ ਦੀਆਂ। ਅਮਲੋਂ ਖਾਲੀ ਏ; ਅਖੇ ਮੂੰਹ ਦੀ ਲਹਿਰ ਬਹਿਰ, ਹੱਥਾਂ ਦੀ ਹੜਤਾਲ।
ਇਹ ਦਲੇਰੀ ਨਹੀਂ, ਬੇਹਯਾਈ ਏ, ਬਈ ਪਾਪ ਕਰਨਾ ਤੇ ਕਿਸੇ ਤੋਂ ਨਾ ਡਰਨਾ। 'ਮੂੰਹ ਤੋਂ ਲਾਹੀ ਲੋਈ ਤੇ ਕੀ ਕਰੇਗਾ ਕੋਈ' ਪਰ ਇੱਜ਼ਤਦਾਰ ਮਨੁੱਖ ਆਪਣੀ ਇੱਜ਼ਤ ਦਾ ਸਭ ਤੋਂ ਵਧੀਕ ਖਿਆਲ ਰੱਖਦਾ ਹੈ।
ਆਪਣੀ ਹੈਸੀਅਤ ਨੂੰ ਤਾਂ ਵੇਖ। ਫਿਰ ਏਨੀਆਂ ਉੱਚੀਆਂ ਛਾਲਾਂ ਮਾਰੀਂ । ਅਖੇ, “ਮੂੰਹ ਤੇ ਵਧਰ ਤੇ ਖੇਡਾਂ ਦੀ ਸੱਧਰ।"
ਮਾਂ, ਤੇਰੀ ਗੱਲ ਸੱਚੀ ਨਿਕਲੀ । ਮੰਗ ਕੇ ਅਸੀਂ ਬੜੀਆਂ ਔਖੀਆਂ ਹੋਈਆਂ। ਸੱਚ ਹੈ, 'ਮੂੰਹ ਟੱਡੇ ਤੇ ਮੱਖੀਆਂ ਹੀ ਪੈਣਗੀਆਂ।'
ਪੈਂਚ- ਸ਼ਾਹ ਨੂੰ ਬੁਲਾ ਕੇ ਆਹਮੋ ਸਾਹਮਣੇ ਗੱਲ ਕਰਨ ਵਿੱਚ ਕੋਈ ਹਰਜ ਨਹੀਂ, ਅਖੇ ‘ਮੂੰਹ ਜੁੜੇ ਕੂੜ ਨਿਖੁਟੇ’ ਝਟ ਸੱਚੀ ਗੱਲ ਦਾ ਪਤਾ ਲੱਗ ਜਾਵੇਗਾ।
ਉਸਦਾ ਇਹ ਦਾਅਵਾ ਕਰਨਾ ਕਿ ਉਹ ਉਨ੍ਹਾਂ ਸਾਰਿਆਂ ਦੀ ਮਦਦ ਕਰੇਗਾ ਮੈਨੂੰ ਤਾਂ 'ਮੂੰਹ ਛੋਟਾ ਗੱਲ ਵੱਡੀ' ਵਾਂਗੂ ਜਾਪਦਾ ਹੈ। ਆਪ ਵਿਚਾਰਾ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ। ਕਿਸੇ ਦੀ ਮਦਦ ਕੀ ਕਰਨੀ ਏ।
ਜ਼ਬਾਨੀ ਜਮਾਂ ਖਰਚ ਮੈਂ ਬਥੇਰਾ ਵੇਖ ਚੁਕਾ ਹਾਂ। ਹੁਣ ਕੁਝ ਹੱਥੋਂ ਵੀ ਝਾੜੋ । ਅਖੇ 'ਮੂੰਹ ਚੁੰਮਾ ਟੁਕ ਨਾ ਦਿਆਂ, ਖਾਹ ਬੱਚਾ ਬਥੇਰੀਆਂ'।
ਮੈਂ ਚੱਪਲ ਲਾਹ ਕੇ ਪੈਰ ਕਿਸ਼ਤੀ ਵਿੱਚ ਲਮਕਾ ਦਿੱਤਾ । ਮੁੰਡੇ ਨੇ ਮੈਨੂੰ ਹੋਰ ਤਰ੍ਹਾਂ ਵੇਖਿਆ। ਪਰ ਫਿਰ ਸ਼ਾਇਦ ਮੇਰੇ ਰੁਪਏ ਕਰਕੇ ਚੁੱਪ ਕਰ ਗਿਆ । 'ਮੂੰਹ ਖਾਂਦੇ ਦੀਆਂ ਅੱਖਾਂ ਸ਼ਰਮਾਂਦੀਆਂ ਹਨ।'
ਮੰਗਣਾ ਬੁਰਾ ! ਮੰਗੀ ਚੀਜ਼ ਤੇ ਜੀਣਾ ਬੁਰਾ ‘ਮੂੰਹ ਕਾਲਾ ਤੇ ਨੀਲੇ ਪੈਰ, ਜਿਹੜੇ ਮੰਗਦੇ ਨਿਤ ਨਿਤ ਖ਼ੈਰ।' ਇਸੇ ਲਈ ਮੰਗਵੇਂ ਧਨ ਉੱਤੇ ਪਲਦੇ ਵਿਹਲੜ ਕਦੀ ਕੋਈ ਚੰਗਾ ਕੰਮ ਕਰਨ ਦੇ ਯੋਗ ਨਹੀਂ ਹੁੰਦੇ।
ਜ਼ੋਗੇ ਭਾਈ। ਤੁਹਾਡੀ ਕਿੱਦਾਂ ਨਾ ਮੰਨੀਏ ? ਸੱਚ ਕਹਿੰਦੇ ਨੇ। ਮੁੰਡੇ ਵਾਲਿਆਂ ਦੀ ਲੱਤ ਉੱਚੀ ਹੁੰਦੀ ਹੈ।
ਕੀ ਕਰਦਾ । ਪੁੱਤਰ ਦੀ ਫਜ਼ੂਲ ਖਰਚੀ ਸਾਹਵੇਂ ਕੋਈ ਪੇਸ਼ ਨਹੀਂ ਸੀ ਜਾਂਦੀ । ਸੱਚ ਤਾਂ ਹੈ ‘ਮੁੰਡੇ, ਰੌਲ, ਰੰਨਾਂ, ਤਿੰਨੇ ਉਜਾੜੇ ਦੇ ਬੰਨਾਂ।'
ਕੋਈ ਤੇਰੇ ਹਾਣ ਪਛਾਣ ਦਾ ਤੇ ਆਪਣੇ ਮੇਲ ਦਾ ਮੁੰਡਾ ਨਹੀਂ ਮਿਲਦਾ ਤੈਨੂੰ ਸੰਗਤ ਲਈ, ਜੋ ਇਹ ਛੋਕਰੇ ਜਿਹੇ ਲਈ ਫਿਰਦਾ ਹੈ ? ਕਹਿੰਦੇ ਹਨ -"ਮੁੰਡੇ ਖੇਡਣ ਕੁੜੀਆਂ ਨਾਲ । ਨੱਕ ਵਢਾਉਣ ਛੁਰੀਆਂ ਨਾਲ'। ਕੁਝ ਖਿਆਲ ਵੀ ਕਰਿਆ ਕਰ।