ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ,
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ।
ਇਹਦਾ ਚਿੱਤ …
ਆ ਵਣਜਾਰਿਆ ਬਹਿ ਵਣਜਾਰਿਆ,
ਆਈਂ ਹਮਾਰੇ ਘਰ ਵੇ।
ਚਾਰ ਕੁ ਕੁੜੀਆਂ ਕਰ ਲੂੰ ਕੱਠੀਆਂ,
ਕਿਉਂ ਫਿਰਦਾ ਏਂ ਦਰ ਦਰ ਵੇ।
ਝਿੜਕਾਂ ਰੋਜ਼ ਦੀਆਂ,
ਮੈਂ ਜਾਊਂਗੀ ਮਰ ਵੇ।
ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾਂ ਲੋਕਾਂ ਨੂੰ ਕੁੱਟਾਂਗੇ।
ਲੈ ਲਾ ਨੰਬਰਦਾਰੀ …
ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹਦਾ,
ਗੋਡੇ ਗੋਡੇ ਗਾਰਾ।
ਆਪਣੀ ਮਹਿੰ ਭੱਜਗੀ,
ਮੋੜ ਮੁਲਾਹਜ਼ੇਦਾਰਾ।
ਆ ਨੀ ਭਾਬੀਏ ਹੱਸੀਏ ਖੇਡੀਏ,
ਚੱਲੀਏ ਬਾਹਰਲੇ ਘਰ ਨੀ।
ਤੂੰ ਤਾਂ ਪਕਾ ਲਈਂ ਮਿੱਠੀਆਂ ਰੋਟੀਆਂ,
ਮੇਰਾ ਡੈਕਿਆ ਹਲ ਨੀ।
ਉਹਨਾਂ ਗੱਲਾਂ ਨੂੰ,
ਯਾਦ ਭਾਬੀਏ ਕਰ ਨੀ।
ਯਾਰ ਮੇਰੇ ਨੇ ਭੇਜੀ ਸ਼ੀਰਨੀ,
ਕਾਗਜ਼ ਤੇ ਕਸਤੂਰੀ।
ਜੇ ਖੋਲ੍ਹਾਂ ਤਾਂ ਖੁਸ਼ਕ ਬਥੇਰੀ,
ਜੇ ਤੋਲਾਂ ਤੇ ਪੂਰੀ।
ਪਾਣੀ ਦੇ ਵਿੱਚ ਵਗਣ ਬੇੜੀਆਂ,
ਲੰਘਣਾ ਪਊ ਜ਼ਰੂਰੀ।
ਵੇ ਆਸ਼ਕ ਤੂੰ ਬਣ ਗਿਆ,
ਕੀ ਪਾ ਦੇਂਗਾ ਪੂਰੀ।
ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ।
ਸੋਹਣੀ ਭਾਬੋ ਨੂੰ,
ਦਿਉਰ ਵਸਣ ਨਾ ਦੇਵੇ।
ਨੀ ਸੋਹਣੀ ਭਾਬੋ...
ਕਿੱਕਰਾਂ ਵੀ ਲੰਘ ਗਈਆਂ,
ਬੇਰੀਆਂ ਵੀ ਲੰਘ ਗਈਆਂ,
ਲੰਘਣੋਂ ਰਹਿ ਗਈ ਡੇਕ।
ਅੱਲ੍ਹੜ ਜਵਾਨੀ ਦਾ,
ਹੀਟਰ ਵਰਗਾ ਸੇਕ।
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ।
ਨੀ ਰੰਗ ਦੇ....
ਨੀ ਮੈਂ ਨੱਚਾਂ ਨੱਚਾਂ ਨੱਚਾਂ,
ਨੀ ਮੈਂ ਅੱਗ ਵਾਂਗੂੰ ਮੱਚਾਂ।
ਫੇਰ ਦੇਖ ਦੇਖ ਕੁੜੀਆਂ ਇਹ ਕਹਿਣਗੀਆਂ,
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ।
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ...
ਉਰਲੇ ਬਜਾਰ ਨੀ ਮੈਂ ਹਾਰ ਕਰਾਉਂਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜ਼ਰੇ।
ਅੱਡ ਹੋਊਗੀ ਜਠਾਣੀ ਤੈਥੋਂ ਲੈਕੇ ਬਦਲੇ।
ਅੱਡ ਹੋਊਗੀ.....
ਅੱਟੀਆਂ ਅੱਟੀਆਂ ਅੱਟੀਆਂ,
ਤੇਰਾ ਮੇਰਾ ਇੱਕ ਮਨ ਸੀ,
ਤੇਰੀ ਮਾਂ ਨੇ ਦਰਾਤਾਂ ਰੱਖੀਆਂ,
ਤੈਨੂੰ ਦੇਵੇ ਦੁੱਧ ਲੱਸੀਆਂ,
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ।
ਤੇਰੇ ਵਿੱਚੋਂ ਮਾਰੇ ਵਾਸ਼ਨਾ,
ਪੱਲੇ ਲੌਂਗ ਲੈਚੀਆਂ ਰੱਖੀਆਂ।