ਭਾਈ ਜੋਧ ਸਿੰਘ ਇੱਕ ਸਿੱਖ ਧਰਮ ਸ਼ਾਸਤਰੀ, ਲੇਖਕ ਅਤੇ ਸਮਾਜਿਕ ਕਾਰਕੁਨ ਸਨ। ਭਾਈ ਜੋਧ ਸਿੰਘ ਦਾ ਜਨਮ ਭਾਈ ਰਾਮ ਸਿੰਘ ਦੇ ਘਰ 31 ਮਈ, 1882 ਨੂੰ ਪੱਛਮੀ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ, ਤਹਿਸੀਲ ਗੁੱਜਰਖਾਨ ਦੇ ਪਿੰਡ ਘੁੰਗਰਾਲਾ ਵਿਖੇ ਹੋਇਆ। ਆਪ ਦੇ ਪਹਿਲੇ ਨਾਮ ਰਣਬੀਰ ਸਿੰਘ ਤੇ ਰਸ਼ਪਾਲ ਸਿੰਘ ਸਨ ਪਰ ਬਾਅਦ ਵਿੱਚ ਸੌਖਾ ਨਾਮ ਸੰਤ ਸਿੰਘ ਰੱਖ ਦਿੱਤਾ ਗਿਆ। ਜਦੋਂ ਆਪ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤਾਂ ਨਾਮ ਬਦਲ ਕੇ ਜੋਧ ਸਿੰਘ ਰੱਖ ਦਿੱਤਾ ਗਿਆ। ਭਾਈ ਜੋਧ ਸਿੰਘ ਜੀ ਦੀ ਰੁਚੀ ਸਾਇੰਸ ਦੀ ਪੜ੍ਹਾਈ ਕਰਨ ਵਿੱਚ ਸੀ ਪਰ ਮਿਸ਼ਨ ਕਾਲਜ, ਰਾਵਲਪਿੰਡੀ ਵਿੱਚ ਸਾਇੰਸ ਦੇ ਸਾਮਾਨ ਦੀਆਂ ਸਹੂਲਤਾਂ ਉਪਲਬਧ ਨਾ ਹੋਣ ਕਾਰਨ ਆਰਟਸ ਵਿਸ਼ੇ ਵਿੱਚ ਹੀ ਐਫ.ਏ. ਜਿਸ ਵਿੱਚ ਇੱਕ ਵਿਸ਼ਾ ਗਣਿਤ ਦਾ ਵੀ ਸੀ, ਪਾਸ ਕਰ ਲਈ। ਆਪ ਨੇ ਸਤੰਬਰ 1914 ਤੋਂ ਫਰਵਰੀ 1920 ਤਕ ਖਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਦੇ ਤੌਰ ’ਤੇ ਸੇਵਾ-ਕਾਰਜ ਸੰਭਾਲਿਆ ਜਿੱਥੇ ਆਪ ਨੇ ਸਿੱਖੀ ਤੇ ਧਰਮ-ਵਿੱਦਿਆ ਦੇ ਪ੍ਰਚਾਰ ਦਾ ਅਹਿਮ ਰੋਲ ਅਦਾ ਕੀਤਾ ਪਰ 1920 ਵਿੱਚ ਇਸ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ। ਇਥੇ ਆਪ ਨੇ ਵਿੱਦਿਅਕ ਅਦਾਰੇ ਵਿੱਚ ਕਾਫੀ ਸੁਧਾਰ ਲਿਆਂਦੇ ਅਤੇ ਧਰਮ ਪ੍ਰਚਾਰ ਦਾ ਕੰਮ ਵੀ ਨਾਲੋ-ਨਾਲ ਜਾਰੀ ਰੱਖਿਆ। 1 ਜਨਵਰੀ 1926 ਨੂੰ ਭਾਈ ਜੋਧ ਸਿੰਘ ਪੰਜਾਬ ਯੂਨੀਵਰਸਿਟੀ ਦੇ ਫੈਲੋ ਨਾਮਜ਼ਦ ਕੀਤੇ ਗਏ। 8 ਦਸੰਬਰ 1938 ਨੂੰ ਭਾਈ ਜੋਧ ਸਿੰਘ ਦੇ ਛੋਟੇ ਲੜਕੇ ਕਾਕਾ ਹਰਬੰਸ ਸਿੰਘ ਦਾ ਦੇਹਾਂਤ ਹੋਣ ’ਤੇ ਭਾਈ ਸਾਹਿਬ ਨੇ ਵਾਹਿਗੁਰੂ ਦਾ ਭਾਣਾ ਮੰਨ ਕੇ ਅੰਤਮ ਅਰਦਾਸ ਆਪ ਹੀ ਕੀਤੀ ਤੇ ਚਿਤਾ ਨੂੰ ਅੱਗ ਵੀ ਆਪ ਹੀ ਦਿੱਤੀ। ਵਿੱਦਿਅਕ ਖੇਤਰ ਵਿੱਚ ਆਪ ਦੀਆਂ ਪ੍ਰਾਪਤੀਆਂ ਵੇਖ ਕੇ ਸਰਕਾਰ ਨੇ 1943 ਵਿੱਚ ਆਪ ਨੂੰ ‘ਸਰਦਾਰ ਬਹਾਦਰ’ ਦਾ ਖਿਤਾਬ ਬਖ਼ਸ਼ਿਆ। ਆਪ ਪੰਜਾਬ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਕਮੇਟੀਆਂ ਦੇ ਮੁਖੀ ਸਨ। ਆਪ ਦੀ ਵਿੱਦਿਅਕ ਯੋਗਤਾ ਅਤੇ ਸਾਹਿਤ ਅਕੈਡਮੀ ਦੀ ਸਫਲ ਸਥਾਪਨਾ ਦੇਖ ਆਪ ਨੂੰ ਅੱਸੀ ਸਾਲ ਦੀ ਉਮਰ ਵਿੱਚ 30 ਅਪ੍ਰੈਲ 1965 ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਥਾਪਿਆ ਗਿਆ। ਆਪ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਜੋਧ ਸਿੰਘ ਜੀ ਨੂੰ ਸੰਨ 1966 ਵਿੱਚ ਪਦਮ ਭੂਸ਼ਣ ਦਾ ਸਨਮਾਨ ਪ੍ਰਾਪਤ ਹੋਇਆ।...
