ਬੁਸ਼ਰਾ ਨਾਜ ਦਾ ਜਨਮ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵਿੱਚ 10 ਜੁਲਾਈ 1973 ਨੂੰ ਜਨਾਬ ਅਬਦੁਰ ਰਹਿਮਾਨ ਦੇ ਘਰ ਹੋਇਆ। ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ। ਪੰਜਾਬ ਕਾਲਜ ਆਫ਼ ਕਾੱਮਰਸ ਫੈਸਲਾਬਾਦ ਤੋਂ ਬੀ.ਕਾੱਮ. ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਵਿਦੇਸ਼ਾਂ 'ਚ ਵੀ ਨਾਮਣਾ ਖੱਟ ਚੁਕੀ ਹੈ। ਉਨ੍ਹਾਂ ਦੀ ਸ਼ਾਇਰੀ ਦੀਆਂ ਦੋ ਕਿਤਾਬਾਂ ਪੰਜਾਬੀ ਵਿੱਚ, ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁੱਕੀਆਂ ਹਨ। ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁੱਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਸੰਗ੍ਰਹਿ ਇਲਹਾਮ ਛਪ ਚੁੱਕਾ ਹੈ। ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਵੀ ਉਹ ਹਿੱਸਾ ਲੈ ਚੁਕੇ ਹਨ। ਉਹ ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੇ ਵੀ ਮੈਂਬਰ ਹਨ। ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਮੇਰੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ।...