(ਗੀਤ ਦੀ ਆਵਾਜ਼ ਉਭਰਦੀ ਹੈ)
ਅੱਧੀ ਰਾਤ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਚੰਬਾ ਖਿੜਿਆ ਮਾਲਣੇ
ਉਹਦੀ ਮਹਿਲੀ ਗਈ ਖੁਸ਼ਬੋ
ਮਹਿਲੀ ਰਾਣੀ ਜਾਗਦੀ
ਉਹਦੇ ਨੈਣੀਂ ਨੀਂਦ ਨਾ ਕੋ
ਰਾਜੇ ਤਾਈਂ ਆਖਦੀ
ਮੈਂ ਚੰਬਾ ਲੈਣਾ ਸੋ
ਜੋ ਕਾਲੇ ਵਣ ਮੇਲਿਆ
ਜਿਹਦੀ ਹੋਕੇ ਜਹੀ ਖ਼ੁਸ਼ਬੋ
ਧਰਮੀ ਰਾਜਾ ਆਖਦਾ
ਬਾਹਾਂ ਵਿਚ ਪਰੋ
ਨਾ ਰੋ ਜਿੰਦੇ ਮੇਰੀਏ
ਲੱਗ ਲੈਣ ਦੇ ਲੋਅ
ਚੰਬੇ ਖ਼ਾਤਰ ਸੋਹਣੀਏ
ਜਾਸਾਂ ਕਾਲੇ ਕੋਹ
ਰਾਣੀ ਚੰਬੇ ਸਹਿਕਦੀ
ਮਰੀ ਵਿਚਾਰੀ ਹੋ
ਜੇਕਰ ਰਾਜਾ ਦੱਬਦਾ
ਮੈਲੀ ਜਾਂਦੀ ਹੋ
ਜੇਕਰ ਰਾਜਾ ਸਾੜਦਾ
ਕਾਲੀ ਜਾਂਦੀ ਹੋ
ਅੱਧੀ ਰਾਤੀਂ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਸੂਤਰਧਾਰ
ਵੇਖ ਨਟੇ!
ਸਵਰ ਹੈ ਗੂੰਜ ਰਿਹਾ
ਸਰਸਵਤੀ ਦੇ ਸਵਰ-ਮੰਡਲ ਨੂੰ
ਜਿਉ ਕੋਈ ਛੇੜ ਗਿਆ
ਕੱਤਕ ਮਾਹ ਵਿਚ ਕੂੰਜਾਂ ਦਾ
ਜਿਉ ਕੰਨੀ ਬੋਲ ਪਿਆ
ਚੇਤਰ ਦੇ ਵਿਚ ਜਿਉ ਕਰ ਬਾਗ਼ੀ
ਵਗੇ ਪੁਰੇ ਦੀ 'ਵਾ
ਸਾਉਣ ਮਹੀਨੇ ਜਿਉਂ ਕੋਇਲਾਂ ਦੀ
ਦੂਰੋਂ ਆਏ ਸਦਾ
ਨਿੱਕੀ ਕਣੀ ਦਾ ਕਹਿੰਦੇ ਛੰਨੇ
ਮੀਂਹ ਜਿਉਂ ਵਰ੍ਹੇ ਪਿਆ
ਜਿਉਂ ਪਰਬਤ ਵਿਚ ਪਾਰਵਤੀ ਦਾ
ਬਿਛੂਆ ਛਣਕ ਰਿਹਾ
ਜਾਂ ਜਿਉਂ ਹੋਵੇ ਗੂੰਜਦਾ
ਸ਼ਿਵ ਦਾ ਨਾਦ-ਮਹਾਂ
ਨਟੀ
ਜਿਉਂ ਸਾਗਰ ਦੀ ਛਾਤੀ 'ਤੇ
ਕੋਈ ਰਿਹਾ ਮਛੇਰਾ ਗਾ
ਜਾਂ ਬਿਰਹਣ ਦੇ ਵਿਚ ਕਾਲਜੇ
ਸ਼ਬਦ ਕੋਈ ਧੁਖੇ ਪਿਆ
ਜੋ ਉਹਦੇ ਝੂਠੇ ਪ੍ਰੇਮੀ ਉਸ ਦੇ
ਕੰਨੀਂ ਕਦੇ ਕਿਹਾ
ਸੂਤਰਧਾਰ
ਇਹ ਆਨੰਦ ਕਿਹਾ ?
ਕਿੰਜ ਸ਼ਬਦ ਦੀ ਮਹਿਕ ਫੜਾਂ
ਮੈਥੋਂ ਮਹਿਕ ਫੜੀ ਨਾ ਜਾ
ਜਿਉਂ ਕੋਈ ਭੋਰਾ ਗੁਣ ਗੁਣ ਕਰਦਾ
ਮਹਿਕ ਦੇ ਕੱਜਣ ਲਿਪਟੇ ਹੋਏ
ਨੀਲੇ ਸੁਪਨ ਜਿਹਾ
ਜਿਉ ਕਿਸੇ ਵਿਧਵਾ ਹੌਕਾ ਭਰਿਆ
ਸੁੰਨੀ ਸੇਜ ਵਿਛਾ
ਨਟੀ
ਇਹ ਤਾਂ ਹਨ ਚੰਬਿਆਲਣਾਂ
ਜੋ ਰਹੀਆਂ ਰਲ ਮਿਲ ਗਾ
ਸ਼ਹਿਦ-ਪਰੁੱਚੇ ਕੰਠ 'ਚੋਂ
ਲੰਮੀ ਹੇਕ ਲੱਗਾ
ਜਿਉ ਮਾਂ ਕੋਈ ਗਾਵੇ ਬਿਰਹੜਾ
ਚਰਖੇ ਤੰਦ ਵਲਾ
ਜਿਹਦਾ ਪੁੱਤਰ ਸੱਤ ਸਮੁੰਦਰੀ
ਨਾ ਮੁੜਿਆ ਲਾਮ ਗਿਆ
ਸੂਤਰਧਾਰ
ਇਹ ਤਾਂ ਸਭੋ ਰਾਣੀਏਂ
ਹਨ ਰਹੀਆਂ ਇੱਤ ਵੱਲ ਆ
ਹੱਥ ਫੁੱਲਾਂ ਦੀਆਂ ਡਾਲੀਆਂ
ਸਿਰ 'ਤੇ ਗੜਵੇ ਚਾ
ਆ ਗਗਨਾਂ ਨੂੰ ਉੱਡੀਏ
ਜਾਂ ਛੱਡ ਦਈਏ ਰਾਹ
ਬਣੀਏ ਵਾਸੀ ਧਰਤ ਦੇ
ਜਾਂ ਲਈਏ ਰੂਪ ਵਟਾ
ਨਟੀ
ਹਾਂ ਹਾਂ ਪ੍ਰਭ ਜੀ ਠੀਕ ਕਿਹਾ
ਆਓ ਲਈਏ ਰੂਪ ਵਟਾ
ਤੇ ਕਰੀਏ ਚਾਰ ਗਲੋੜੀਆਂ
(ਸੂਤਰਧਾਰ ਤੇ ਨਟੀ ਰੂਪ ਵਟਾ ਲੈਂਦੇ ਹਨ ।
ਚੰਬਿਆਲਣਾਂ ਉੱਚੀ ਉੱਚੀ ਗਾਉਂਦੀਆਂ ਪ੍ਰਵੇਸ਼
ਕਰਦੀਆਂ ਹਨ।ਨਟੀ ਉਨ੍ਹਾਂ ਚੋਂ ਇਕ ਨਾਲ
ਗੱਲਾਂ ਕਰਦੀ ਹੈ ।)
ਨਟੀ
ਚੰਬੇ ਦੀਏ ਚੰਬੇਲੀਏ
ਤੇਰੀ ਜੀਵੇ ਮਹਿਕ ਸਦਾ
ਇਹ ਜੋਬਨ ਦਾ ਹੜ੍ਹ ਠਿਲ੍ਹਿਆ
ਕਿਸ ਪੱਤਣ ਨੂੰ ਜਾ
ਹੰਸ, ਹਮੇਲਾਂ, ਬੁਗ੍ਰਤੀਆਂ
ਗੱਲ ਵਿਚ ਕੰਠੇ ਪਾ
ਛਾਪਾਂ, ਛੱਲੇ, ਆਰਸੀਆਂ
ਗੋਰੇ ਹੱਥ ਅੜਾ
ਚੀਚੀ ਵਿਚ ਕਲੀਚੜੀ
ਪੈਰੀਂ ਸਗਲੇ ਪਾ
ਕੋਹ ਕੋਹ ਵਾਲ ਗੁੰਦਾਏ ਕੇ
ਫੁੱਲ ਤੇ ਚੈੱਕ ਸਜਾ
ਕੰਨੀ ਝੁਮਕੇ ਝੂਲਦੇ
ਲੱਗ ਤੀਲੀਆਂ ਪਾ
ਸਿਰ ਸੋਭਣ ਫੁਲਕਾਰੀਆਂ
ਅਤਲਸ, ਪੱਟ ਹੰਢਾ
ਕਿੱਤ ਵੱਲ ਚੱਲੀਆਂ ਕੂੰਜੜੀਆਂ
ਹਾਰ ਸ਼ਿੰਗਾਰ ਲੱਗਾ
ਇਹ ਬੱਦਲ ਗਈਆਂ ਡਾਚੀਆਂ
ਕਿੱਤ ਵੱਲ ਰਹੀਆਂ ਧਾ ?
ਚੰਬਿਆਲਣ
ਸੁਣ ਭੈਣੇ ਪਰਦੇਸਣੇ
ਇਕ ਯੋਧੇ ਦੇ ਨਾਉਂ 'ਤੇ
ਲੱਖ ਦੀਵੇ ਪ੍ਰਵਾਹ
ਅੱਜ ਜਨਮ ਦਿਹਾੜਾ ਓਸ ਦਾ
ਅੱਜ ਦਿਲੇ ਥੀਂ ਚਾਅ
ਅਸੀਂ ਰਾਜੇ ਵਰਮਨ ਵੀਰ ਦੇ
ਰਹੀਆਂ ਸ਼ਗਨ ਮਨਾ
ਸਿਰ 'ਤੇ ਗੜਵੇ ਨੀਰ ਦੇ
ਤਾਜ਼ੇ ਫੁੱਲ ਤੁੜਾ
ਅਸੀਂ ਮਹਿਲੀ ਰਾਣੀ ਕੁੰਤ ਦੇ
ਚੱਲੀਆਂ ਰੂਪ ਸਜਾ
ਜਿਥੇ ਰਾਜਾ ਨਾਵਸੀ
ਵਟਨੇ ਲੱਖ ਲੱਗਾ
ਇਤਰ, ਫੁਲੇਲਾਂ, ਕੇਵੜੇ
ਗੰਗਾ-ਜਲੀ ਰਲਾ
ਇਸ ਤੋਂ ਪਿੱਛੋਂ ਹੋਵਸੀ
ਡਾਢਾ ਯੱਗ ਮਹਾ
ਸਾਰੇ ਚੰਬੇ ਦੇਸ਼ 'ਚੋਂ
ਕਾਲੇ ਮੁਰਗ ਮੰਗਾ
ਇਕ ਸੌ ਇੱਕੀ ਭੇਡ ਥੀ
ਕੀਤਾ ਜਾਊ ਜਿਲ੍ਹਾ
ਰਾਜਾ ਕੋਟ ਸਿਆਲ ਦਾ
ਆਇਆ ਪੈਂਡੇ ਗਾਹ
ਜੋ ਸਾਡੇ ਮਹਾਰਾਜ ਦਾ
ਬਣਿਆ ਧਰਮ ਭਰਾ
ਜੋ ਸਲਵਾਨ ਕਹਾਂਵਦਾ
ਕਰਸੀ ਰਸਮ ਅਦਾ
ਵੱਢੂ ਭੇਡਾਂ ਸਾਰੀਆਂ
ਲੋਹਾ ਸਾਣੇ ਲਾ
ਵਗੂ ਸੂਹਾ ਸੂਕਦਾ
ਲਹੂਆਂ ਦਾ ਦਰਿਆ