ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਛੇ ਮੀਲ ਦੱਖਣ ਵੱਲ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰੁਦ੍ਵਾਰਾ, ਜੋ ਪਿੰਡ ਚੱਗਰਾਂ, ਬੋਹਣ, ਚੱਬੇ ਵਾਲ ਅਤੇ ਬਜਰੌਰ ਦੇ ਵਿਚਕਾਰ ਹੈ. ਇਸ ਸੰਬੰਧੀ ਪ੍ਰਸੰਗ ਹੈ ਕਿ ਗੁਰੂ ਸਾਹਿਬ ਦੇ ਵਚਨ ਕਰਕੇ ਸੁੱਕੀਆਂ ਬੇਲਾਂ ਇੱਥੇ ਹਰੀਆਂ ਹੋ ਗਈਆਂ ਸਨ, ਜਿਸ ਤੋਂ ਇਹ ਨਾਉਂ ਹੋਇਆ. ਗੁਰੁਦ੍ਵਾਰੇ ਨਾਲ ੭੧ ਘੁਮਾਉਂ ਜਮੀਨ ਸਿੱਖਰਾਜ ਸਮੇਂ ਦੀ ਹੈ. ਵੈਸਾਖੀ ਅਤੇ ਮਾਘੀ ਨੂੰ ਮੇਲਾ ਲਗਦਾ ਹੈ.#ਬਾਬਾ ਅਜੀਤ ਸਿੰਘ ਜੀ ਭੀ ਇਸ ਥਾਂ ਆਏ ਹਨ ਜਿਸ ਬਾਬਤ ਕਥਾ ਇਉਂ ਹੈ-#ਬਸੀ ਕਲਾਂ ਦੇ ਪਠਾਣਾਂ ਨੇ ਦੋ ਲੜਕੀਆਂ ਹਰੀਆਂ ਅਤੇ ਭਰੀਆਂ, ਜੋ ਬਜਵਾੜੇ ਦੀਆਂ ਵਸਨੀਕ ਸਨ, ਅਤੇ ਵਿਆਹ ਪਿੱਛੋਂ, ਜੇਜੋਂ ਨੂੰ ਜਾ ਰਹੀਆਂ ਸਨ, ਰਸਤੇ ਵਿੱਚ ਖੋਹ ਲਈਆਂ. ਇਸ ਪੁਰ ਉਨ੍ਹਾਂ ਦੇ ਸੰਬੰਧੀਆਂ ਨੇ ਆਨੰਦਪੁਰ ਪਹੁੰਚਕੇ ਕਲਗੀਧਰ ਪਾਸ ਫਰਿਆਦ ਕੀਤੀ, ਜਿਸ ਪੁਰ ਸਾਹਿਬਜ਼ਾਦੇ ਨੂੰ ਹੁਕਮ ਹੋਇਆ ਕਿ ਲੜਕੀਆਂ ਨੂੰ ਛੁਡਾਕੇ ਅਪਰਾਧੀਆਂ ਨੂੰ ਦੰਡ ਦੇਵੋ. ਬਾਬਾ ਅਜੀਤ ਸਿੰਘ ਜੀ ਨੇ ਯੁੱਧ ਕਰਕੇ ਲੜਕੀਆਂ ਛੁਡਾਈਆਂ ਅਤੇ ਜ਼ਾਲਿਮਾਂ ਨੂੰ ਯੋਗ ਦੰਡ ਦਿੱਤਾ. ਦੋਹਾਂ ਲੜਕੀਆਂ ਨੇ ਬਾਬਾ ਜੀ ਧੰਨਵਾਦ ਕਰਕੇ ਆਪਣੇ ਸ਼ਰੀਰ ਤ੍ਯਾਗ ਦਿੱਤੇ. ਉਨ੍ਹਾਂ ਦੀ ਸਮਾਧੀ ਗੁਰੁਦ੍ਵਾਰੇ ਦੇ ਉੱਤਰ ਵੱਲ ਹੈ. ਜੋ ਸਿੰਘ ਜੰਗ ਵਿੱਚ ਸ਼ਹੀਦ ਹੋਏ ਉਨ੍ਹਾਂ ਦਾ ਭੀ ਸ਼ਹੀਦਗੰਜ ਹੈ.


ਅ਼. [حریص] ਹ਼ਰੀਸ. ਵਿ- ਹ਼ਿਰਸ (ਲਾਲਚ) ਵਾਲਾ. ਲੋਭੀ.


ਇੱਕ ਪਹਾੜੀ ਰਾਜਪੂਤ ਯੋਧਾ, ਜਿਸ ਦਾ ਹੁਸੈਨੀ ਨਾਲ ਜੰਗ ਹੋਇਆ. ਦੇਖੋ, ਵਿਚਿਤ੍ਰ ਨਾਟਕ ਅਃ ੧੧.।#੨. ਸਰਦਾਰ ਹਰੀ ਸਿੰਘ ਨਲਵਾ. ਜਿਲਾ ਗੁੱਜਰਾਂਵਾਲਾ ਦਾ ਵਸਨੀਕ ਸਰਦਾਰ ਗੁਰੁਦਯਾਲ ਸਿੰਘ (ਉੱਪਲ ਖਤ੍ਰੀ) ਦਾ ਸੁਪੁਤ੍ਰ, ਜੋ ਮਾਈ ਧਰਮ ਕੌਰ ਦੇ ਉਦਰ ਤੋਂ ਸੰਮਤ ੧੮੪੮ ਵਿੱਚ ਜਨਮਿਆ. ਇਹ ਸਿੱਖਵੀਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮੀ ਜਰਨੈਲ (General) ਹੋਇਆ ਹੈ. ਸਰਹੱਦੀ ਪਠਾਣਾਂ ਵਿੱਚ ਇਸ ਦੇ ਨਾਉਂ ਦਾ ਭੈ ਅੱਜ ਤੀਕ ਬਣਿਆ ਹੋਇਆ ਹੈ. ਇਸ ਨੇ ਸਿੱਖਰਾਜ ਵਾਸਤੇ ਅਨੇਕ ਲੜਾਈਆਂ ਫਤੇ ਕੀਤੀਆਂ ਅਤੇ ਸਰਹੱਦੀ ਜਮਰੋਦ ਦੇ ਕਿਲੇ ਪਾਸ ਪਠਾਣਾਂ ਦੇ ਘੋਰ ਯੁੱਧ ਵਿੱਚ ਵਡੀ ਵੀਰਤਾ ਨਾਲ ੧੯. ਵੈਸਾਖ ਸੰਮਤ ੧੮੯੪ ਨੂੰ ਸ਼ਹੀਦੀ ਪਾਈ. ਪੰਥਰਤਨ ਸਰਦਾਰ ਹਰੀ ਸਿੰਘ ਦੀ ਸਮਾਧ ਜਮਰੋਦ ਦੇ ਕਿਲੇ ਵਿੱਚ ਵਿਦ੍ਯਮਾਨ ਹੈ।#੩. ਰਾਜਾ ਗਜਪਤਿ ਸਿੰਘ ਜੀਂਦ ਵਾਲੇ ਦਾ ਪੋਤਾ ਅਤੇ ਮੇਹਰ ਸਿੰਘ ਦਾ ਪੁਤ੍ਰ ਇਹ ਸ਼ਰਾਬ ਦੇ ਨਸ਼ੇ ਨਾਲ ਮਸਤ ਹੋਇਆ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਛੱਤ ਤੋਂ ਡਿਗਕੇ ਸਨ ੧੭੯੧ ਵਿੱਚ ਮਰ ਗਿਆ। ੪. ਦੇਖੋ, ਸਿਆਲਬਾ। ੫. ਦੇਖੋ, ਭੰਗੀਆਂ ਦੀ ਮਿਸਲ.


ਹਰੀਕੇ ਪਿੰਡ ਪਾਸ ਇੱਕ ਪੱਤਨ (ਦਰਿਆ ਦਾ ਘਾਟ) ਹੈ. ਇਸ ਪੱਤਨ ਤੋਂ ਥੋੜੀ ਦੂਰ ਉੱਪਰਲੇ ਪਾਸੇ ਸਤਲੁਜ ਤੇ ਬਿਆਸ ਦਰਿਆ ਇਕੱਠੇ ਹੁੰਦੇ ਹਨ. ਇਹ ਪੱਤਨ ਜਿਲਾ ਲਹੌਰ, ਫਿਰੋਜਪੁਰ, ਅੰਮ੍ਰਿਤਸਰ ਤੇ ਰਿਆਸਤ ਕਪੂਰਥਲੇ ਦਾ ਬੰਨਾ ਹੈ.


ਹਰੀ ਗੋਤ ਦੇ ਲੋਕ। ੨. ਹਰੀ ਗੋਤ ਦੇ ਜੱਟਾਂ ਦਾ ਵਸਾਇਆ ਇੱਕ ਪਿੰਡ, ਜੋ ਜਿਲਾ ਲਹੌਰ ਤਸੀਲ ਕੁਸੂਰ ਥਾਣਾ ਪੱਟੀ ਵਿੱਚ ਰੇਲਵੇ ਸਟੇਸ਼ਨ ਵਲਟੋਹਾ ਦੇ ਨੇੜੇ ਦਰਿਆ ਸਤਲੁਜ ਤੇ ਬਿਆਸ ਦੇ ਮੇਲਸਥਾਨ ਤੇ ਉੱਤਰੀ ਕੰਢੇ ਪੁਰ ਹੈ. ਇੱਥੇ ਸ਼੍ਰੀ ਗੁਰੂ ਅੰਗਦ ਜੀ ਨੇ ਚਰਣ ਪਾਏ ਹਨ. ਪਹਿਲਾਂ ਗੁਰੁਦ੍ਵਾਰਾ ਬਣਿਆ ਹੋਇਆ ਸੀ, ਪਰ ਉਹ ਪੁਰਾਣੀ ਵਸੋਂ ਦੇ ਨਾਲ ਦਰਿਆ ਦੀ ਢਾਹ ਕਰਕੇ ਨਹੀਂ ਰਿਹਾ. ਹੁਣ ਦੀ ਆਬਾਦੀ ਨਵੀਂ ਹੈ. ਇਸ ਲਈ ਕੋਈ ਗੁਰੁਦ੍ਵਾਰਾ ਨਹੀਂ ਹੈ.


ਦੇਖੋ, ਸ੍ਰੀ ਗੋਬਿੰਦਪੁਰ.


ਦੇਖੋ, ਹਰਿਸਚੰਦ੍ਰ. "ਹਰੀ ਚੰਦ ਦਾਨ ਕਰੈ ਜਸ ਲੇਵੈ." (ਗਉ ਅਃ ਮਃ ੧) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਹੁਰਾ. ਦੇਖੋ, ਨਾਨਕੀ ਮਾਤਾ। ੩. ਹੰਡੂਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਰਾਜਾ ਭੀਮਚੰਦ ਕਹਿਲੂਰੀ ਦੀ ਸਹਾਇਤਾ ਵਾਸਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਸਾਖ ਸੰਮਤ ੧੭੪੬ ਵਿੱਚ¹ ਲੜਨ ਆਇਆ. ਇਹ ਵਡਾ ਧਨੁਖਧਾਰੀ ਯੋਧਾ ਸੀ. ਇਸਦੀ ਵੀਰਤਾ ਦਾ ਜਿਕਰ ਦਸ਼ਮੇਸ਼ ਨੇ ਵਿਚਿਤ੍ਰ ਨਾਟਕ ਵਿੱਚ ਲਿਖਿਆ ਹੈ. "ਤਹਾਂ ਏਕ ਬੀਰੰ ਹਰੀ ਚੰਦ ਕੋਪ੍ਯੋ." (ਵਿਚਿਤ੍ਰ) ਕਲਗੀਧਰ ਦੇ ਤੀਰ ਨਾਲ ਇਸ ਦਾ ਦੇਹਾਂਤ ਹੋਇਆ.


ਹਰਿਤ ਹੂਜੈ. ਹਰੇ ਹੋਈਏ. "ਮਿਲਿ ਸਾਧੂ ਸੰਗ ਹਰੀਜੈ." (ਕਲਿ ਅਃ ਮਃ ੪) ੨. ਹਰਣ ਕਰੀਜੈ. ਮਿਟਾਈਏ.