ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حّل] ਹ਼ੱਲ ਘੁਲਮਿਲ (ਰਲ) ਜਾਣ ਦਾ ਭਾਵ.; ਦੇਖੋ, ਹਮਲਾ.


ਹਲਹਾਰ. ਕ੍ਰਿਸਾਣ. ਹਲ ਚਲਾਉਣ ਵਾਲਾ. ਹਲਧਰ. "ਜੇਸੈ ਹਲਹਰ ਬਿਨਾ ਜਿਮੀ ਨਹਿ ਬੋਈਐ." (ਗੌਂਡ ਕਬੀਰ) ੨. ਹਲ ਖਿੱਚਣ ਵਾਲਾ. ਬੈਲ.


ਦੇਖੋ, ਹਲਾਹਲ.


ਅ਼. [حلق] ਹ਼ਲਕ਼. ਸੰਗ੍ਯਾ- ਗਲ. ਕੰਠ। ੨. ਸੰ. ਅਲਰ੍‍ਕ. [فزع اُلماء] ਫ਼ਜ਼ਅ਼ਉਲਮਾ. ਪਾਨੀਡਰ. Hydrophobia. ਇਹ ਰੋਗ ਹਲਕਾਏ ਕੁੱਤੇ, ਗਿੱਦੜ, ਲੂੰਬੜ ਆਦਿ ਦੇ ਕੱਟਣ ਤੋਂ ਹੁੰਦਾ ਹੈ. ਇਸ ਦਾ ਬਹੁਤ ਛੇਤੀ ਇਲਾਜ Pasteur¹ Institute ਕਸੌਲੀ ਆਦਿ ਵਿੱਚ ਪਹੁੰਚਕੇ ਕਰਾਉਣਾ ਚਾਹੀਏ. ਜੇ ਇਸ ਦਾ ਅਸਰ ਦਿਮਾਗ ਵਿੱਚ ਪਹੁੰਚ ਜਾਵੇ ਫੇਰ ਕੋਈ ਇਲਾਜ ਨਹੀਂ ਹੋ ਸਕਦਾ. ਕਦੇ ਕਦੇ ਇਸ ਦੀ ਜ਼ਹਿਰ ਸ਼ਰੀਰ ਵਿੱਚ ਦਬੀ ਰਹਿੰਦੀ ਹੈ ਅਤੇ ਚਿਰ ਪਿੱਛੋਂ ਜਾਗ ਉਠਦੀ ਹੈ.#ਹਲਕਾਏ ਜੀਵ ਦੀ ਵਿਖ ਜਿਤਨੀ ਜਾਦਾ ਜਖਮ ਵਿੱਚ ਚਲੀ ਜਾਵੇ ਅਤੇ ਜਖਮ ਜਿਤਨਾ ਦਿਮਾਗ ਦੇ ਨੇੜੇ ਹੋਵੇ, ਉਤਨਾ ਅਸਰ ਛੇਤੀ ਹੁੰਦਾ ਹੈ.#ਹਲਕ ਵਾਲਾ ਰੋਗੀ ਪਾਣੀ ਦੇਖਕੇ ਡਰਦਾ ਹੈ, ਭੁੱਖ ਮਰ ਜਾਂਦੀ ਹੈ, ਹੋਸ਼ ਠਿਕਾਣੇ ਨਹੀਂ ਰਹਿੰਦੀ, ਜੀਭ ਢਲਕ ਪੈਂਦੀ ਹੈ, ਲਾਲਾਂ ਅਤੇ ਝੱਗ ਮੂੰਹੋਂ ਵਗਦੀ ਹੈ, ਮੂੰਹ ਸੁੱਕਦਾ ਹੈ, ਚਾਨਣਾ ਬੁਰਾ ਲਗਦਾ ਹੈ, ਦਿਲ ਦਹਿਲਣਾ, ਪਾਸ ਦੇ ਆਦਮੀਆਂ ਨੂੰ ਵੱਢਣ ਪੈਣਾ ਆਦਿ ਲੱਛਣ ਹੁੰਦੇ ਹਨ.#ਜਿਸ ਥਾਂ ਹਲਕਾਏ ਜੀਵ ਦੇ ਕੱਟਣ ਦਾ ਜ਼ਖਮ ਹੋਵੇ, ਉੱਥੇ ਤੁਰੰਤ ਹੀ ਦਗਦੇ ਕੋਲੇ ਅਥਵਾ ਤਪੇ ਹੋਏ ਲੋਹੇ ਨਾਲ ਦਾਗ ਦੇ ਦੇਣਾ ਚਾਹੀਏ ਅਰ ਪੋਟੈਸ਼ੀਅਮ ਪਰਮੈਂਗਨੇਟ Potassium Permanganate ਚੰਗੀ ਤਰਾਂ ਮਲਨਾ ਲੋੜੀਏ. ਕੁਚਲਾ ਪਾਣੀ ਵਿੱਚ ਘਸਾਕੇ ਲਾਉਣਾ ਭੀ ਗੁਣਕਾਰੀ ਹੈ.#ਹੇਠ ਲਿਖੀਆਂ ਦਵਾਈਆਂ ਹਲਕ ਰੋਗ ਲਈ ਗੁਣਕਾਰੀ ਹਨ-#ਛੋਲਿਆਂ ਦੀਆਂ ਭੁੰਨੀਆਂ ਖਿੱਲਾਂ ਥੋਹਰ ਦੇ ਦੁੱਧ ਵਿੱਚ ਖਰਲ ਕਰਕੇ ਦੋ ਦੋ ਰੱਤੀ ਦੀਆਂ ਗੋਲੀਆਂ ਬਣਾਕੇ ਛਾਵੇਂ ਸੁਕਾ ਲਓ. ਉਮਰ ਅਤੇ ਰੋਗੀ ਦੇ ਬਲ ਅਨੁਸਾਰ ੧. ਤੋਂ ੮. ਤੀਕ ਪਾਣੀ ਨਾਲ ਖਵਾਓ, ਇਸ ਤੋਂ ਦਸਤ ਆਕੇ ਜਹਿਰ ਨਿਕਲ ਜਾਵੇਗਾ. ਪੁਠਕੰਡੇ ਦੀ ਜੜ ਦਾ ਚੂਰਨ ਸ਼ਹਿਦ ਵਿੱਚ ਮਿਲਾਕੇ ਚਟਾਓ. ਤੁਲਸੀ ਦੀ ਜੜ ਚੌਲਾਂ ਦੇ ਧੋਤੇ ਹੋਏ ਪਾਣੀ ਵਿੱਚ ਘੋਟਕੇ ਪਿਆਓ. ਕਾਲੀਆਂ ਮਿਰਚਾਂ ਅਤੇ ਤੁਲਸੀ ਦੇ ਪੱਤੇ ਘੋਟਕੇ ਛਕਾਓ.


ਵਿ- ਹੌਲਨਾਕ. ਜਿਸ ਤੋਂ ਲੋਕੀ ਕੰਬ ਉੱਠਣ. ਹੌਲ ਕਾਰਕ. "ਹਲੱਕ ਹਾਕ ਮਾਰਹੀਂ." (ਸੂਰਜਾਵ) ਜੰਗ ਵਿੱਚ ਅਜਿਹੀ ਪੁਕਾਰ ਕਰਦੇ ਹਨ, ਜਿਸ ਤੋਂ ਹੌਲ ਪੈ ਜਾਵੇ.