ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫੈਲਾਕੇ. ਭਾਵ- ਹੱਥ ਵਧਾਕੇ. "ਓਨੀ ਤੁਪਕ ਤਾਣਿ ਚਲਾਈ." (ਆਸਾ ਅਃ ਮਃ ੧) ਦੇਖੋ, ਤਾਣਨਾ.


ਸੰਗ੍ਯਾ- ਕਪੜੇ ਦਾ ਲੰਮੇ ਰੁਖ਼ ਤਣਿਆ ਹੋਇਆ ਸੂਤ.


ਬਲ. ਦੇਖੋ, ਤਾਣ ੧. "ਤਾਣੁ ਤਨੁ ਖੀਨ ਭਇਆ." (ਬਿਹਾ ਛੰਤ ਮਃ ੫) ੨. ਸਾਮਰਥ੍ਯ। ੩. ਦੇਖੋ, ਤਾਣਾ. "ਕੂੜੈ ਕਤਿਐ ਕੂੜਾ ਤਣੀਐ ਤਾਣੁ." (ਵਾਰ ਸੂਹੀ ਮਃ ੫)


ਕ੍ਰਿ. ਵਿ- ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਬਿਖ ਖਾਤ ਮਰ ਜਾਤ ਤਾਤ." (ਭਾਗੁ ਕ) ੨. ਵਿ- ਤਪ੍ਤ. ਤਪਿਆ ਹੋਇਆ. "ਮਨੋ ਤਾਤ ਤਵਾ ਪਰ ਬੂੰਦ ਪਰੀ." (ਰਾਮਾਵ) ਤੱਤੇ ਤਵੇ ਤੇ ਬੂੰਦ ਪਈ। ੩. ਸੰਗ੍ਯਾ- ਰੁਚਿ. ਪ੍ਰੀਤਿ. "ਮੋਹਿ ਨਾਹਿ ਇਨ ਸਿਉ ਤਾਤ." (ਕਾਨ ਮਃ ੫) ੪. ਸੰ. ਜੋ ਵੰਸ਼ ਦਾ ਵਿਸ੍ਤਾਰ ਕਰੇ, ਪਿਤਾ. "ਤਾਤ ਮਾਤ ਨ ਜਾਤ ਜਾ ਕਰ." (ਜਾਪੁ) ੫. ਪੁਤ੍ਰ. "ਤਾਂ ਕਹੁ ਤਾਤ ਅਨਾਥ ਜ੍ਯੋਂ ਆਜ." (ਰਾਮਾਵ) ੬. ਵਡਾ ਭਾਈ। ੭. ਤਾਇਆ. ਪਿਤਾ ਦਾ ਵਡਾ ਭਾਈ। ੮. ਬ੍ਰਹਮਾ। ੯. ਵਿ- ਪ੍ਯਾਰਾ. ਪ੍ਰਿਯ. "ਮਿਤ ਹੋ ਸੋਊ ਤਾਤ." (ਕ੍ਰਿਸ਼ਨਾਵ) ਉਹ ਪ੍ਯਾਰਾ ਮਿਤ੍ਰ ਹੋਵੇ। ੧੦. ਦੇਖੋ, ਤ਼ਾਅ਼ਤ। ੧੧. ਦੇਖੋ, ਤਾਤਿ। ੧੨. ਦੇਖੋ, ਤਾਤੁ। ੧੩. ਸਿੰਧੀ. ਚਰਚਾ। ੧੪. ਨਿੰਦਾ। ੧੫. ਖ਼ਬਰਦਾਰੀ। ੧੬. ਤਾਬੇਦਾਰੀ.


ਵਿ- ਤਪ੍ਤ (ਤਪਿਆ) ਹੋਇਆ. "ਤੇਲੁ ਤਾਵਣਿ ਤਾਤਓ." (ਆਸਾ ਛੰਤ ਮਃ ੧) ਤੱਤੇ ਤੇਲ ਵਿੱਚ ਤਾਂਉਂਦੇ ਹਨ.


ਦੇਖੋ, ਤਤਕਾਲ.


ਦੇਖੋ, ਧਰਾਤਾਤ.


ਸੰਗ੍ਯਾ- ਮਾਤਾ. ਮਾਈ. "ਬਸਹੁ ਤਾਤ ਨਿਜ ਤਾਤਨੀ ਪਾਸ ਜਾਇ ਤੁਮ ਤਾਤ." (ਨਾਪ੍ਰ) ਹੇ ਪੁਤ੍ਰ, ਆਪਣੀ ਮਾਤਾ ਪਾਸ ਤਤਕਾਲ (ਫ਼ੌਰਨ) ਜਾਕੇ ਵਸੋ.


ਸੰ. तात्पर्य्य- ਤਾਤਪਰ੍‍ਯ. ਸੰਗ੍ਯਾ- ਅਭਿਪ੍ਰਾਯ. ਆਸ਼ਯ. ਮਤਲਬ। ੨. ਅਰਥ। ੩. ਵਾਕ੍ਯ ਵਿੱਚ ਉਹ ਸ਼ਕਤਿ, ਜੋ ਅਰਥ ਦੀ ਯੋਗ੍ਯਤਾ ਦਾ ਬੋਧ ਕਰਾਉਂਦੀ ਹੈ. "ਵਾਕ੍ਯ ਅਰਥ ਕੇ ਜਨਨ ਕੀ ਆਹਿ ਯੋਗ੍ਯਤਾ ਜੋਇ। ਤਾਤਪਰਜ ਪੁਨ ਵਾਕ ਮੇ ਕਹੈਂ ਵਿਦਾਂਤੀ ਸੋਇ." (ਭਾਈ ਗੁਲਾਬ ਸਿੰਘ)


ਵਿ- ਤਪ੍ਤ. ਤੱਤਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉ ਮਃ ੫) ੨. ਸੰ. ਤਿਕ੍ਤ. ਕੌੜਾ. ਤੀਤਾ. "ਬਿਖੁਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ." (ਆਸਾ ਛੰਤ ਮਃ ੧) ੩. ਫ਼ਾ. [تاتا] ਸੰਗ੍ਯਾ- ਜ਼ੁਬਾਨ ਦੇ ਰੁਕਣ ਦੀ ਕ੍ਰਿਯਾ. ਥਥਲਾਪਨ. ਲੁਕਨਤ. "ਲਖ ਲਖ ਨਉਤਨ ਨਾਉਂ ਲੈ ਲਖ ਲਖ ਸੇਖ ਵਿਸੇਖਨ ਤਾਤਾ." (ਭਾਗੁ) ਸ਼ੇਸਨਾਗ ਲੱਖਾਂ ਨਾਉਂ ਅਤੇ ਲੱਖਾਂ ਵਿਸ਼ੇਸਣ ਲੈਕੇ ਥਕ ਜਾਂਦਾ ਹੈ, ਉਸ ਦੀ ਜ਼ੁਬਾਨ ਰੁਕ ਜਾਂਦੀ ਹੈ। ੪. ਤਪ੍ਤਤਾ. ਦਾਹ. ਜਲਨ. ਈਰਖਾ. "ਵਿਸਰੀ ਤਿਸੈ ਪਰਾਈ ਤਾਤਾ." (ਗਉ ਮਃ ੫)


ਫ਼ਾ. [تاتار] ਸੰਗ੍ਯਾ- ਮਧ੍ਯ ਏਸ਼ੀਆ ਦਾ ਇੱਕ ਦੇਸ਼, ਜੋ ਭਾਰਤ ਅਤੇ ਫ਼ਾਰਸ ਦੇ ਉੱਤਰ ਕੈਸਪਿਯਨ ਸਮੁੰਦਰ ਤੋਂ ਲੈਕੇ ਚੀਨ ਦੇ ਉੱਤਰ ਪ੍ਰਾਂਤ ਤੀਕ ਹੈ. ਇਸ ਵਿੱਚ ਸਮਰਕ਼ੰਦ, ਬੁਖ਼ਾਰਾ ਆਦਿ ਪ੍ਰਸਿੱਧ ਸ਼ਹਿਰ ਹਨ। ੨. ਤਾਤਾਰ ਵਿੱਚ ਵਸਣ ਵਾਲੀ ਜਾਤਿ. Tartar.