ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਫੁੱਲ. ਵਿ- ਖਿੜਿਆ ਹੋਇਆ. ਵਿਕਾਸ਼ ਹੋਇਆ. ਪ੍ਰਫੁੱਲਿਤ। ੨. ਆਨੰਦ ਸਹਿਤ. ਪ੍ਰਸੰਨ "ਪਰਫੜੁ ਚਿਤ ਸਮਾਲਿ ਸੋਇ." (ਬਸੰ ਮਃ ੧) "ਜਿਉ ਉਦਿਆਨ ਕੁਸਮ ਪਰ ਫੁਲਿਤ." (ਗਉ ਕਬੀਰ) "ਸਾਧ ਕੈ ਸੰਗਿ ਸਦਾ ਪਰਫੁਲੈ." (ਸੁਖਮਨੀ) "ਸੰਤ ਸੰਗੇ ਮਨੁ ਪਰਫੜੈ." (ਮਲਾ ਪੜਤਾਲ ਮਃ ੫) "ਪਰਫੂਲਤਾ ਰਹੈ." (ਬਸੰ ਮਃ ੫) "ਆਤਮਜੋਤਿ ਭਈ ਪਰਫੂਲਿਤ." (ਸਾਰ ਮਃ ੪) ੩. ਪ੍ਰਤਿਫਲ. ਕਰਮ ਦਾ ਬਦਲਾ. "ਸਾਦ ਕੀਤੇ ਦੁਖ ਪਰਫੁੜੇ." (ਮਾਰੂ ਮਃ ੧)


ਸੰ. पर्व् ਧਾ- ਭਰਨਾ, ਪੂਰਨ ਕਰਨਾ। ੨. ਸੰਗ੍ਯਾ- ਪਰ੍‍ਵ (पर्वन्). ਧਰਮ ਅਤੇ ਉਤਸਵ ਦਾ ਸਮਾ। ੩. ਉਤਸਵ, ਮੰਗਲ। ੪. ਭਾਗ. ਹਿੱਸਾ। ੫. ਗ੍ਰੰਥ ਦਾ ਭਾਗ. ਖੰਡ. ਜੈਸੇ- ਮਹਾਭਾਰਤ ਦੇ ਅਠਾਰਾਂ ਪਰਬ. "ਸੁਨੋ ਬ੍ਯਾਸ ਤੇ ਪਰਬ ਅਸਟੰ ਦਸਾਂਨੰ." (ਗ੍ਯਾਨ) ੬. ਸ਼ਰੀਰ ਦੇ ਜੋੜ. ਸੰਨ੍ਹ.


ਵਿ- ਪਰਵਸ਼. ਜੋ ਪਰਾਏ ਵਸ਼ ਵਿੱਚ ਹੈ. ਪਰਾਧੀਨ.#ਊਨੋ ਭਲੋ ਸੁਪਥ ਕੁਪਥ ਕੋ ਨ ਦੂਨੋ ਭਲੋ#ਸੂਨੋ ਭਲੋ ਘਰ ਪੈ ਨ ਖਲ ਸਾਥ ਕਰਿਯੈ,#ਅਨਲ ਕੀ ਲਪਟ ਝਪਟ ਭਲੀ ਨਾਹਰ ਕੀ#ਕਪਟੀ ਕੇ ਕਪਟ ਤੇ ਦੂਰ ਹੀ ਸੇ ਡਰਿਯੈ,#ਯਹੈ ਕਵਿ "ਜੀਵਨ ਪਰਮ ਪੁਰਸਾਰਥ ਹੈ#ਪਰਘਰ ਬਸ ਫਿਰ ਰਸ ਸੋਂ ਨਿਕਰਿਯੈ,#ਹਾਰ ਮਾਨ ਲੀਜੈ ਪੈ ਨ ਬਾਦ ਕੀਜੇ ਨੀਚਨ ਸੋਂ#ਸਰਬਸ ਦੀਜੈ ਪੈ ਨ ਪਰਬਸ ਪਰਿਯੈ.


ਸੰ. ਪਰ੍‍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ.


ਸੰ. पर्वतारि ਪਹਾੜ ਦਾ ਵੈਰੀ ਇੰਦ੍ਰ, ਜਿਸ ਨੇ ਵਜ੍ਰ ਨਾਲ ਪਹਾੜਾਂ ਦੇ ਸਿਰ ਚੂਰਣ ਕਰ ਦਿੱਤੇ ਸਨ.


ਵਿ- ਪਰ੍‍ਵਤ (ਪਹਾੜ) ਵਿੱਚ ਰਹਿਣ ਵਾਲਾ. ਪਹਾੜੀ. ਪਰ੍‍ਵਤੀਯ. "ਪਰਬਤਿ ਕਾਲਾ ਮੇਹਰਾ (ਭਾਗੁ) ਕਾਲਾ ਅਤ਼ੇ ਮੇਹਰਾ ਪਹਾੜੀ ਸਿੱਖ। ੨. ਸੰਗ੍ਯਾ- ਪਹਾੜੀਆ। ੩. ਪਰਵਤ ਵਿੱਚ. "ਬਨਿ ਤਿਨਿ ਪਰਬਤਿ ਹੈ ਪਾਰ- ਬ੍ਰਹਮ." (ਸੁਖਮਨੀ) "ਸੁਇਨੇ ਪਰਬਤਿ ਗੁਫਾ ਕਰੀ." (ਵਾਰ ਮਾਝ ਮਃ ੧)


ਦੇਖੋ, ਪ੍ਰਬਲ.